ਡੇਲੀ ਪੋਸਟ ਦੀ ਖ਼ਬਰ ਦਾ ਅਸਰ, ‘ਚਿੱਟਾ ਹੀ ਚਿੱਟਾ’ ਮਾਮਲੇ ’ਚ ਐਕਸ਼ਨ ਮੋਡ ‘ਚ ਆਈ ਪੁਲਿਸ
ਬਠਿੰਡਾ ਦੇ ਪਿੰਡ ਡੂਮਵਾਲੀ ਦੀ ਨਰਸਿੰਘ ਕਲੋਨੀ ’ਚ ਵੱਡਾ ਸਰਚ ਆਪ੍ਰੇਸ਼ਨ, ਸ਼ੱਕੀ ਘਰਾਂ ਦੀ ਚੈਕਿੰਗ ਤੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ
Bathinda Dumwali ”Chitta Hi Chitta” Wall Writing; ਬਠਿੰਡਾ ਦੇ ਪਿੰਡ ਡੂਮਵਾਲੀ ਦੀ ਨਰਸਿੰਘ ਕਲੋਨੀ ਵਿੱਚ ਇੱਕ ਦੀਵਾਰ ’ਤੇ ਲਿਖੇ ‘ਚਿੱਟਾ ਹੀ ਚਿੱਟਾ’ ਦੇ ਸ਼ਬਦਾਂ ਦਾ ਮਾਮਲਾ ਡੇਲੀ ਪੋਸਟ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਹਰਿਆਣਾ ਦੀ ਸਰਹੱਦ ਨਾਲ ਲੱਗਦੇ ਇਸ ਪਿੰਡ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਸ਼ੱਕੀ ਘਰਾਂ ਦੀ ਚੈਕਿੰਗ ਕੀਤੀ ਗਈ।
ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਐਸਪੀਡੀ ਮਨੋਜ ਗੋਰਸੀ ਨੇ ਕੀਤੀ। ਪੁਲਿਸ ਵੱਲੋਂ ਇਲਾਕੇ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਦੀਵਾਰ ’ਤੇ ‘ਚਿੱਟਾ ਹੀ ਚਿੱਟਾ’ ਲਿਖੇ ਜਾਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਅਤੇ ਜ਼ਿੰਮੇਵਾਰ ਵਿਅਕਤੀਆਂ ਬਾਰੇ ਤੱਥ ਸਾਹਮਣੇ ਲਿਆਂਦੇ ਜਾ ਸਕਣ।
ਐਸਪੀਡੀ ਮਨੋਜ ਗੋਰਸੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਮੁਤਾਬਕ, ਇਸ ਇਲਾਕੇ ਵਿੱਚ ਪਹਿਲਾਂ ਵੀ ਨਸ਼ਿਆਂ ਖ਼ਿਲਾਫ਼ ਆਪ੍ਰੇਸ਼ਨ ਚਲਾਏ ਗਏ ਹਨ। ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਅਤੇ ਕਈ ਮਾਮਲੇ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹਰਿਆਣਾ ਪੁਲਿਸ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਤਾਲਮੇਲ ਕਰਕੇ ਸਾਂਝੇ ਆਪ੍ਰੇਸ਼ਨ ਚਲਾਉਣ ਦੀ ਵੀ ਯੋਜਨਾ ਹੈ।
ਹੁਣ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਸਭ ਦੀਆਂ ਨਜ਼ਰਾਂ ਜਾਂਚ ’ਤੇ ਟਿਕੀਆਂ ਹਨ। ਦੇਖਣਾ ਹੋਵੇਗਾ ਕਿ ‘ਚਿੱਟਾ ਹੀ ਚਿੱਟਾ’ ਲਿਖੇ ਜਾਣ ਦੇ ਮਾਮਲੇ ਵਿੱਚ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਇਲਾਕੇ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਪੁਲਿਸ ਦੀ ਇਹ ਕਾਰਵਾਈ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ।