ਅਲ ਨੀਨੋ ਦਾ ਪ੍ਰਭਾਵ: ਪੰਜਾਬ ‘ਚ ਨਵੰਬਰ ਮਹੀਨੇ ਵੀ ਦਿਨ ਵੇਲੇ ਗਰਮੀ ਦਾ ਅਹਿਸਾਸ, ਇਸ ਵਾਰ ਘੱਟ ਪੈ ਸਕਦੀ ਹੈ ਠੰਢ
- ਦਸੰਬਰ ਤੱਕ ਤਾਪਮਾਨ ਆਮ ਨਾਲੋਂ ਵੱਧ ਰਹਿਣ ਦਾ ਅਨੁਮਾਨ
ਚੰਡੀਗੜ੍ਹ: ਨਵੰਬਰ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਪੰਜਾਬ ‘ਚ ਮੌਸਮ ਦਾ ਮਿਜ਼ਾਜ ਅਜੇ ਤੱਕ ਪੂਰੀ ਤਰ੍ਹਾਂ ਸਰਦੀਆਂ ਵਾਲਾ ਨਹੀਂ ਹੋਇਆ। ਦਿਨ ਵੇਲੇ ਲੋਕਾਂ ਨੂੰ ਗਰਮੀ ਮਹਿਸੂਸ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਦੁਪਹਿਰ ਸਮੇਂ ਵੀ ਏਸੀ ਚਲਾਉਣ ਦੀ ਲੋੜ ਪੈ ਰਹੀ ਹੈ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਹਲਕੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ, ਪਰ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ।
ਮੌਸਮ ਦੇ ਇਸ ਬਦਲੇ ਰੁਖ ਪਿੱਛੇ ਅਲ ਨੀਨੋ ਦੇ ਪ੍ਰਭਾਵ ਨੂੰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਮੌਜੂਦਾ ਮੌਸਮੀ ਰੁਝਾਨਾਂ ਮੁਤਾਬਕ ਇਸ ਵਾਰ ਸਰਦੀਆਂ ਦਾ ਅਸਰ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਦਸੰਬਰ ਮਹੀਨੇ ਦੌਰਾਨ ਵੀ ਤਾਪਮਾਨ ਆਮ ਨਾਲੋਂ ਵੱਧ ਰਹਿ ਸਕਦਾ ਹੈ।
ਦੂਜੇ ਪਾਸੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ 12 ਅਤੇ 13 ਨਵੰਬਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੀਂਹ ਪੈਣ ਨਾਲ ਤਾਪਮਾਨ ਵਿੱਚ ਕੁਝ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਦਿਨ ਵੇਲੇ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।