ਭਾਰਤ ਦੇ Gold Medalist ਦਿੱਗਜ਼ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ
Gold medalist indian athlete neeraj yadav death ; ਭਾਰਤ ਦੇ ਨਾਮੀ ਪੈਰਾ-ਐਥਲੀਟ ਨੀਰਜ ਯਾਦਵ ਦੀ ਦਿੱਲੀ ਸਥਿਤ ਫਲੈਟ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। 42 ਸਾਲਾ ਨੀਰਜ ਯਾਦਵ F55 ਕੈਟਾਗਰੀ ਵਿੱਚ ਜੈਵਲਿਨ ਥ੍ਰੋਅ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ, 27 ਅਕਤੂਬਰ ਦੀ ਰਾਤ ਉਨ੍ਹਾਂ ਦੀ ਮੌਤ ਹੋਈ। ਹਾਲਾਂਕਿ, ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਨੀਰਜ ਯਾਦਵ ਨੇ ਏਸ਼ੀਅਨ ਪੈਰਾ ਗੇਮਜ਼ ਵਿੱਚ ਕੁੱਲ ਤਿੰਨ ਸੋਨ ਤਮਗੇ ਜਿੱਤੇ ਸਨ। ਉਹ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਗੇਮਜ਼ ਵਿੱਚ ਜੈਵਲਿਨ ਥ੍ਰੋਅ ਵਿੱਚ ਸੋਨ ਤਮਗਾ ਜਿੱਤ ਕੇ ਚਰਚਾ ਵਿੱਚ ਆਏ ਸਨ। ਇਸ ਤੋਂ ਬਾਅਦ 2023 ਵਿੱਚ ਚੀਨ ਦੇ ਹਾਂਗਝੂ ਵਿੱਚ ਹੋਈਆਂ ਏਸ਼ੀਅਨ ਪੈਰਾ ਗੇਮਜ਼ ਦੌਰਾਨ ਉਨ੍ਹਾਂ ਨੇ ਜੈਵਲਿਨ ਥ੍ਰੋਅ ਅਤੇ ਡਿਸਕਸ ਥ੍ਰੋਅ ਵਿੱਚ ਦੋ ਹੋਰ ਸੋਨ ਤਮਗੇ ਜਿੱਤੇ ਸਨ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਸੀ।
ਡੋਪਿੰਗ ਮਾਮਲੇ ਕਾਰਨ ਮੁਅੱਤਲ ਸਨ ਨੀਰਜ
ਨੀਰਜ ਯਾਦਵ ਡੋਪਿੰਗ ਮਾਮਲੇ ਕਾਰਨ ਮੁਅੱਤਲ ਚੱਲ ਰਹੇ ਸਨ, ਜਿਸ ਕਰਕੇ ਉਹ ਹਾਲ ਹੀ ਵਿੱਚ ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਹੋਈਆਂ ਏਸ਼ੀਅਨ ਪੈਰਾ ਗੇਮਜ਼ ਵਿੱਚ ਹਿੱਸਾ ਨਹੀਂ ਲੈ ਸਕੇ। ਰਿਪੋਰਟਾਂ ਮੁਤਾਬਕ, ਅਕਤੂਬਰ 2023 ਵਿੱਚ ਬੈਂਗਲੁਰੂ ਵਿੱਚ ਇੱਕ ਮੁਕਾਬਲੇ ਤੋਂ ਬਾਹਰ ਲਏ ਗਏ ਉਨ੍ਹਾਂ ਦੇ ਸੈਂਪਲ ਵਿੱਚ ਸਟੈਨੋਜ਼ੋਲੋਲ ਨਾਮਕ ਪਾਬੰਦੀਸ਼ੁਦਾ ਪਦਾਰਥ ਮਿਲਿਆ ਸੀ। ਇਸ ਤੋਂ ਬਾਅਦ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (NADA) ਨੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਸੀ। ਨੀਰਜ ਨੇ ਇਸ ਪ੍ਰਕਿਰਿਆ ਦੌਰਾਨ ਆਪਣੇ ਸੈਂਪਲ ਦਾ DNA ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਸੀ।
ਮੌਤ ਦੇ ਕਾਰਨਾਂ ਦੀ ਜਾਂਚ ਜਾਰੀ
‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ, ਨੀਰਜ ਯਾਦਵ ਦੀ ਮੌਤ ਖ਼ੁਦਕੁਸ਼ੀ ਹੋਣ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਜ਼ਹਿਰੀਲਾ ਪਦਾਰਥ ਖਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਬੁੱਧਵਾਰ ਨੂੰ ਦਿੱਲੀ ਦੇ GTB ਹਸਪਤਾਲ ਵਿੱਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਮੌਤ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ।
ਭਾਰਤੀ ਪੈਰਾ-ਐਥਲੈਟਿਕਸ ਦੇ ਮੁੱਖ ਕੋਚ ਐੱਸ. ਸਤਿਆਨਾਰਾਇਣ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਨੀਰਜ ਦੀ ਮੌਤ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਡੋਪਿੰਗ ਕਾਰਨ ਮੁਅੱਤਲ ਹੋਣ ਕਰਕੇ ਏਸ਼ੀਅਨ ਪੈਰਾ ਗੇਮਜ਼ ਵਿੱਚ ਹਿੱਸਾ ਨਾ ਲੈ ਸਕਣਾ ਨੀਰਜ ਲਈ ਮੁਸ਼ਕਲ ਸਮਾਂ ਹੋ ਸਕਦਾ ਸੀ, ਪਰ ਮੌਤ ਦੇ ਕਾਰਨਾਂ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ।
ਸੱਤ ਸਾਲ ਦੀ ਉਮਰ ਵਿੱਚ ਹੋਇਆ ਸੀ ਲਕਵਾ
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੀਰਜ ਯਾਦਵ ਨੂੰ ਸੱਤ ਸਾਲ ਦੀ ਉਮਰ ਵਿੱਚ ਪੋਸਟ-ਪੋਲੀਓ ਰੈਜ਼ੀਡੁਅਲ ਪੈਰਾਲਿਸਿਸ ਹੋ ਗਿਆ ਸੀ। ਸਰੀਰਕ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਖੇਡਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਪੈਰਾ-ਐਥਲੈਟਿਕਸ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 2005 ਤੋਂ 2012 ਤੱਕ ਵ੍ਹੀਲਚੇਅਰ ਟੈਨਿਸ ਖੇਡੀ।
2015 ਦੀ ਦਿੱਲੀ ਸਟੇਟ ਐਥਲੈਟਿਕਸ ਮੀਟ ਉਨ੍ਹਾਂ ਦੇ ਕਰੀਅਰ ਦਾ ਅਹਿਮ ਮੋੜ ਸਾਬਤ ਹੋਈ, ਜਿੱਥੇ ਉਨ੍ਹਾਂ ਨੇ ਸ਼ਾਟਪੁੱਟ, ਜੈਵਲਿਨ ਥ੍ਰੋਅ ਅਤੇ ਡਿਸਕਸ ਥ੍ਰੋਅ ਵਿੱਚ ਸੋਨ ਤਮਗੇ ਜਿੱਤੇ। 2018 ਵਿੱਚ ਜਕਾਰਤਾ ਵਿਖੇ ਜੈਵਲਿਨ ਥ੍ਰੋਅ ਵਿੱਚ 29.84 ਮੀਟਰ ਦੀ ਦੂਰੀ ਤੈਅ ਕਰਕੇ ਉਨ੍ਹਾਂ ਨੇ ਏਸ਼ੀਅਨ ਰਿਕਾਰਡ ਬਣਾਇਆ ਸੀ।
ਨੀਰਜ ਯਾਦਵ ਦੀ ਮੌਤ ਦੀ ਖ਼ਬਰ ਨਾਲ ਪੈਰਾ-ਐਥਲੈਟਿਕਸ ਜਗਤ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਉਨ੍ਹਾਂ ਦੀ ਮੌਤ ਨਾਲ ਜੁੜੇ ਹਾਲਾਤਾਂ ਦੀ ਜਾਂਚ ਅਤੇ ਅਧਿਕਾਰਤ ਰਿਪੋਰਟ ਦੀ ਉਡੀਕ ਹੈ।
ਸ਼ਤਰੰਜ ਵਿੱਚ ਔਰਤਾਂ ਨਾਲ ਭੇਦਭਾਵ ਅਤੇ ਉਤਪੀੜਨ ਬਾਰੇ ਸਰਵੇਖਣ
ਸ਼ਤਰੰਜ ਦੀ ਦੁਨੀਆ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਭੇਦਭਾਵ ਅਤੇ ਅਣਉਚਿਤ ਵਿਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। FIDE ਦੇ ਪਹਿਲੇ ਵਿਸ਼ਵ ਪੱਧਰੀ ਸਰਵੇਖਣ ਵਿੱਚ 127 ਕੌਮੀ ਮਹਾਸੰਘਾਂ ਨਾਲ ਜੁੜੀਆਂ 672 ਔਰਤਾਂ ਅਤੇ ਲੜਕੀਆਂ ਦੇ ਜਵਾਬ ਸ਼ਾਮਲ ਕੀਤੇ ਗਏ।
ਸਰਵੇਖਣ ਮੁਤਾਬਕ, 63 ਫ਼ੀਸਦੀ ਭਾਗੀਦਾਰਾਂ ਨੇ ਲਿੰਗ ਦੇ ਆਧਾਰ ’ਤੇ ਭੇਦਭਾਵ ਦਾ ਤਜਰਬਾ ਸਾਂਝਾ ਕੀਤਾ, ਜਦਕਿ 38 ਫ਼ੀਸਦੀ ਨੇ ਜਿਨਸੀ ਉਤਪੀੜਨ ਜਾਂ ਅਣਉਚਿਤ ਵਿਹਾਰ ਦਾ ਸਾਹਮਣਾ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ, 44 ਫ਼ੀਸਦੀ ਨੇ ਸ਼ਤਰੰਜ ਛੱਡਣ ਬਾਰੇ ਸੋਚਣ ਦੀ ਗੱਲ ਦੱਸੀ। ਇਹ ਅੰਕੜੇ ਖੇਡਾਂ ਵਿੱਚ ਔਰਤਾਂ ਲਈ ਸੁਰੱਖਿਅਤ ਅਤੇ ਬਰਾਬਰ ਮੌਕੇ ਯਕੀਨੀ ਬਣਾਉਣ ਦੀ ਲੋੜ ਵੱਲ ਧਿਆਨ ਦਿਵਾਉਂਦੇ ਹਨ।