IPL 2026 ਵਿਚਾਲੇ ਮੰਦਭਾਗੀ ਖ਼ਬਰ, ਪੰਜਾਬ ਨਾਲ ਸਬੰਧਤ ਸਾਬਕਾ ਭਾਰਤੀ ਕ੍ਰਿਕਟਰ ਦਾ ਦੇਹਾਂਤ
AMANPREET SINGH GILL IPL: ਬੱਲੇਬਾਜ਼ ਵਿਰਾਟ ਕੋਹਲੀ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਸਾਬਕਾ ਭਾਰਤ U19 ਸਾਥੀ ਅਮਨਪ੍ਰੀਤ ਸਿੰਘ ਗਿੱਲ ਦਾ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨੇ X ‘ਤੇ ਪੋਸਟ ਕੀਤਾ ਕਿ ਅਮਨਪ੍ਰੀਤ ਸਿੰਘ ਦਾ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸਾਬਕਾ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਅਮਨਪ੍ਰੀਤ ਸਿੰਘ ਦੇ ਕ੍ਰਿਕਟ ਸਫ਼ਰ ਬਾਰੇ
16 ਸਤੰਬਰ, 1989 ਨੂੰ ਚੰਡੀਗੜ੍ਹ, ਪੰਜਾਬ ਵਿੱਚ ਜਨਮੇ ਅਮਨਪ੍ਰੀਤ ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਸਨ ਅਤੇ 2007 ਵਿੱਚ ਭਾਰਤ ਦੀ ਅੰਡਰ-19 ਟੀਮ ਵਿੱਚ ਵਿਰਾਟ ਕੋਹਲੀ, ਰਵਿੰਦਰ ਜਡੇਜਾ ਅਤੇ ਮਨੀਸ਼ ਪਾਂਡੇ ਵਰਗੇ ਖਿਡਾਰੀਆਂ ਦੇ ਨਾਲ ਖੇਡ ਚੁੱਕੇ ਹਨ। ਅਮਨਪ੍ਰੀਤ 2007 ਵਿੱਚ ਭਾਰਤ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਕਾਰ ਹੋਏ ਤਿਕੋਣੀ U19 ਟੂਰਨਾਮੈਂਟ ਵਿੱਚ ਸ਼ਾਮਲ ਹੋਇਆ ਸੀ। ਸ਼੍ਰੀਲੰਕਾ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਅਮਨਪ੍ਰੀਤ ਨੇ ਪੰਜ ਮੈਚਾਂ ਵਿੱਚ ਨੌਂ ਵਿਕਟਾਂ ਲਈਆਂ। ਆਪਣੇ ਕਰੀਅਰ ਵਿੱਚਅਮਨਪ੍ਰੀਤ ਸਿੰਘ ਨੇ 6 ਫਸਟ-ਕਲਾਸ ਮੈਚ ਖੇਡੇ ਅਤੇ 54.72 ਦੀ ਔਸਤ ਨਾਲ 11 ਵਿਕਟਾਂ ਲਈਆਂ। ਉਹ ਇੰਡੀਆ ਅੰਡਰ-19, ਆਈ.ਪੀ.ਐੱਲ. ਟੀਮ ਕਿੰਗਜ਼ XI ਪੰਜਾਬ (ਹੁਣ ਪੰਜਾਬ ਕਿੰਗਜ਼) ਅਤੇ ਪੰਜਾਬ ਦੀ ਰਾਜ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਸਨ।
PCA ਨੇ ਜਤਾਇਆ ਦੁੱਖ
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਐਕਸ ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਉਨ੍ਹਾਂ ਨੂੰ ਖੇਡ ਦੇ ਸਮਰਪਿਤ ਸੇਵਕ ਵਜੋਂ ਯਾਦ ਕੀਤਾ। ਐਸੋਸੀਏਸ਼ਨ ਨੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ।”
ਪੀਸੀਏ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ ਕਿ, “ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਸੀਨੀਅਰ ਚੋਣ ਕਮੇਟੀ, ਪੰਜਾਬ ਦੇ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਦੇ ਦੁਖਦਾਈ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਭਾਰਤ ਅੰਡਰ-19, ਕਿੰਗਜ਼ ਇਲੈਵਨ ਪੰਜਾਬ ਅਤੇ ਪੰਜਾਬ ਸਣੇ ਟੀਮਾਂ ਦੀ ਨੁਮਾਇੰਦਗੀ ਕਰਦੇ ਹੋਏ ਸਮਰਪਣ ਅਤੇ ਜਨੂੰਨ ਨਾਲ ਪੰਜਾਬ ਕ੍ਰਿਕਟ ਦੀ ਸੇਵਾ ਕੀਤੀ। ਦੁਖੀ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਸਾਡੀ ਦਿਲੀ ਸੰਵੇਦਨਾ। ਵਾਹਿਗੁਰੂ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਅਤੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚ ਤਾਕਤ ਦੇਵੇ।”
ਯੁਵੀ ਨੇ ਅਮਨਪ੍ਰੀਤ ਨੂੰ ਦਿੱਤੀ ਸ਼ਰਧਾਂਜਲੀ
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਅਮਨਪ੍ਰੀਤ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਯੁਵਰਾਜ ਨੇ ਅਮਨਪ੍ਰੀਤ ਸਿੰਘ ਨੂੰ ਆਪਣੇ ਸ਼ੁਰੂਆਤੀ ਦਿਨਾਂ ਤੋਂ ਇੱਕ ਸ਼ਾਂਤ ਅਤੇ ਮਿਹਨਤੀ ਕ੍ਰਿਕਟਰ ਵਜੋਂ ਯਾਦ ਕੀਤਾ, ਅਤੇ ਸੋਗਗ੍ਰਸਤ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ।”
ਉਨ੍ਹਾਂ ਐਕਸ ਉੱਤੇ ਲਿਖਿਆ ਕਿ, ‘ਅਮਨਪ੍ਰੀਤ ਸਿੰਘ ਗਿੱਲ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਸਾਡੇ ਸ਼ੁਰੂਆਤੀ ਦਿਨਾਂ ਵਿੱਚ ਡਰੈਸਿੰਗ ਰੂਮ ਸਾਂਝਾ ਕੀਤਾ, ਉਹ ਇੱਕ ਸ਼ਾਂਤ, ਮਿਹਨਤੀ ਕ੍ਰਿਕਟਰ ਸੀ ਜੋ ਖੇਡ ਨੂੰ ਪਿਆਰ ਕਰਦਾ ਸੀ। ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ। ਓਮ ਸ਼ਾਂਤੀ।’