Banner
Banner

ਜਥੇਦਾਰ ਗੜਗੱਜ ਨੇ ਭਾਰਤ ਸਰਕਾਰ ਦੇ ਸਿੱਖ ਜਥੇ ਪਾਕਿਸਤਾਨ ਭੇਜਣ ਦੇ ਫ਼ੈਸਲੇ ਦਾ ਕੀਤਾ ਸੁਆਗਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਾਂਦੇ ਸਿੱਖ ਜਥੇ ਨੂੰ ਜਾਣ ਦੀ ਪ੍ਰਵਾਨਗੀ ਦਾ ਸੁਆਗਤ ਕਰਦਿਆਂ ਇਸ ਨੂੰ ਸਿੱਖ ਸੰਗਤਾਂ ਦੀਆਂ ਅਰਦਾਸਾਂ ਦੀ ਸਫ਼ਲਤਾ ਆਖਿਆ ਹੈ। […]
Amritpal Singh
By : Published: 02 Oct 2025 20:59:PM
ਜਥੇਦਾਰ ਗੜਗੱਜ ਨੇ ਭਾਰਤ ਸਰਕਾਰ ਦੇ ਸਿੱਖ ਜਥੇ ਪਾਕਿਸਤਾਨ ਭੇਜਣ ਦੇ ਫ਼ੈਸਲੇ ਦਾ ਕੀਤਾ ਸੁਆਗਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਾਂਦੇ ਸਿੱਖ ਜਥੇ ਨੂੰ ਜਾਣ ਦੀ ਪ੍ਰਵਾਨਗੀ ਦਾ ਸੁਆਗਤ ਕਰਦਿਆਂ ਇਸ ਨੂੰ ਸਿੱਖ ਸੰਗਤਾਂ ਦੀਆਂ ਅਰਦਾਸਾਂ ਦੀ ਸਫ਼ਲਤਾ ਆਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਅਨੁਸਾਰ ਹਰ ਸਾਲ ਸਿੱਖ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਭਾਰਤ ਸਰਕਾਰ ਵਲੋਂ ਪਹਿਲਾਂ ਜਥਾ ਨਾ ਭੇਜਣ ਦੇ ਫ਼ੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਸੀ।

ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਸਮਾਂ ਰਹਿੰਦਿਆਂ ਸਿੱਖ ਸੰਸਥਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਪਹਿਲਾਂ 12 ਸਤੰਬਰ ਨੂੰ ਜਥਾ ਨਾ ਭੇਜਣ ਦੇ ਕੀਤੇ ਫ਼ੈਸਲੇ ਦੀ ਮੁੜ ਸਮੀਖਿਆ ਕੀਤੀ ਤੇ ਹੁਣ ਜਥਾ ਭੇਜਣ ਦਾ ਫ਼ੈਸਲਾ ਕੀਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਸਮੁੱਚੇ ਸੰਸਾਰ ਅੰਦਰ ਵੱਸਦੇ ਸਿੱਖਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਹਰ ਸਿੱਖ ਗੁਰੂ ਸਾਹਿਬ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲੋਚਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇ ਲਗਾਤਾਰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਵਧੇ ਤੇ ਮਾਹੌਲ ਚੰਗਾ ਹੋਵੇ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਵਿਚ ਅਮਨ ਤੇ ਸ਼ਾਂਤੀ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਆਪਸ ਵਿਚ ਚੰਗੇ ਹੋਣ ਤੇ ਦੋਵੇਂ ਦੇਸ਼ ਇਕ ਦੂਜੇ ਨਾਲ ਵਪਾਰ ਦੇ ਰਸਤੇ ਵੀ ਖੋਲ੍ਹਣ।

Read Latest News and Breaking News at Daily Post TV, Browse for more News

Ad
Ad