ਕੰਗਨਾ ਰਣੌਤ ਫਿਰ ਪੇਸ਼ ਨਹੀਂ ਹੋਈ ਬਠਿੰਡਾ ਅਦਾਲਤ, 15 ਜਨਵਰੀ ਨੂੰ ਅਗਲੀ ਸੁਣਵਾਈ
Kangana Ranaut Appear Bathinda Court; ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੀ। ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ।
ਦੂਜੀ ਧਿਰ ਬੇਬੀ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣਾ ਸੀ। ਹਾਲਾਂਕਿ, ਉਨ੍ਹਾਂ ਦੇ ਵਕੀਲ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਤੇ ਛੋਟ ਅਤੇ ਮੁਆਫ਼ੀ ਲਈ ਇੱਕ ਹੋਰ ਅਰਜ਼ੀ ਦਾਇਰ ਕੀਤੀ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।
ਕੰਗਨਾ ਰਣੌਤ ਨੇ ਮੰਗੀ ਸੀ ਮੁਆਫ਼ੀ
ਕੰਗਨਾ ਰਣੌਤ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, ਇੱਕ ਗਲਤਫਹਿਮੀ ਸੀ। ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।