ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਵੇਗੀ ਕੰਗਨਾ ਰਣੌਤ, ਕਿਸਾਨੀ ਅੰਦੋਲਨ ਦੌਰਾਨ ਵਿਵਾਦਿਤ ਟਿੱਪਣੀ ਦਾ ਹੈ ਮਾਮਲਾ
Kangana Ranaut’s hearing in Bathinda court; ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅੱਜ ਬਠਿੰਡਾ ਦੀ ਇੱਕ ਅਦਾਲਤ ਵਿੱਚ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਵਾਲੀ ਹੈ। ਪਿਛਲੀ ਸੁਣਵਾਈ ਦੌਰਾਨ ਕੰਗਨਾ ਅਦਾਲਤ ਵਿੱਚ ਪੇਸ਼ ਨਹੀਂ ਹੋਈ ਸੀ, ਪਰ ਉਨ੍ਹਾਂ ਦੇ ਵਕੀਲ ਉਨ੍ਹਾਂ ਵੱਲੋਂ ਪੇਸ਼ ਹੋਏ ਸਨ। ਸੰਸਦ ਸੈਸ਼ਨ ਦਾ ਹਵਾਲਾ ਦਿੰਦੇ ਹੋਏ, ਕੰਗਨਾ ਨੇ ਪੇਸ਼ ਹੋਣ ਤੋਂ ਛੋਟ ਦੀ ਮੰਗ ਕੀਤੀ, ਜਿਸਨੂੰ ਅਦਾਲਤ ਨੇ ਸਵੀਕਾਰ ਕਰ ਲਿਆ, ਅਤੇ ਅਗਲੀ ਤਰੀਕ ਅੱਜ ਤੈਅ ਕੀਤੀ ਗਈ।
ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਘਬੀਰ ਸਿੰਘ ਬੇਨੀਵਾਲ ਨੇ ਕਿਹਾ ਕਿ ਅਦਾਲਤ ਨੇ ਪਹਿਲਾਂ ਹੀ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਸਨ ਕਿ ਕੰਗਨਾ ਨੂੰ ਅਗਲੀ ਤਰੀਕ ‘ਤੇ ਨਿੱਜੀ ਤੌਰ ‘ਤੇ ਪੇਸ਼ ਹੋਣਾ ਪਵੇਗਾ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਬਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਅਤੇ ਜੇਕਰ ਵਾਧੂ ਗਵਾਹ ਬੁਲਾਏ ਜਾਂਦੇ ਹਨ ਤਾਂ ਅਗਾਊਂ ਸੂਚਨਾ ਦੇਣ ਲਈ ਕਿਹਾ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।
ਕੰਗਨਾ ਰਣੌਤ ਨੇ ਮੰਗੀ ਸੀ ਮੁਆਫ਼ੀ
ਕੰਗਨਾ ਰਣੌਤ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, ਇੱਕ ਗਲਤਫਹਿਮੀ ਸੀ। ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।