ਚੰਡੀਗੜ੍ਹ ‘ਚ ਅੱਜ ਕਿਸਾਨ ਮਹਾਪੜਾਅ, ਟ੍ਰੈਫਿਕ ਐਡਵਾਈਜ਼ਰੀ ਜਾਰੀ
Chandigarh Traffic Advisory; ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਐਗਜ਼ੀਬਿਸ਼ਨ ਗਰਾਊਂਡ ਵਿੱਚ ਹੋਣ ਵਾਲੇ ਮਹਾਪੜਾਅ ਅਤੇ ਵਿਸ਼ਾਲ ਕਿਸਾਨ ਰੈਲੀ ਨੂੰ ਦੇਖਦਿਆਂ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦੁਪਹਿਰ 12:30 ਵਜੇ ਤੋਂ 2:00 ਵਜੇ ਤੱਕ ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫਿਕ ਰੂਟਾਂ ਵਿੱਚ ਤਬਦੀਲੀ ਕੀਤੀ ਜਾਵੇਗੀ। ਕੁਝ ਥਾਵਾਂ ‘ਤੇ ਵਾਹਨਾਂ ਦੀ ਆਵਾਜਾਈ ਸੀਮਤ ਰਹੇਗੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਲੋੜ ਇਨ੍ਹਾਂ ਰੂਟਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਵਿਕਲਪਕ ਰਸਤੇ ਵਰਤਣ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਸੈਕਟਰ-34 ਐਗਜ਼ੀਬਿਸ਼ਨ ਗਰਾਊਂਡ ਪਹੁੰਚਣਗੇ। ਪ੍ਰਸ਼ਾਸਨ ਵੱਲੋਂ ਰੈਲੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਕਿਸਾਨਾਂ ਦੀ ਵੱਡੀ ਭੀੜ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੇ ਵਾਧੂ ਜਵਾਨ ਵੀ ਤਾਇਨਾਤ ਕੀਤੇ ਹਨ।
ਜਾਣੋ ਕਿਸ ਗੱਲ ਨੂੰ ਲੈ ਕੇ ਹੋ ਰਿਹਾ ਹੈ ਪ੍ਰਦਰਸ਼ਨ
ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਵਿਰੋਧ
ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ (FTA) ਭਾਰਤੀ ਖੇਤੀਬਾੜੀ, ਡੇਅਰੀ ਅਤੇ ਛੋਟੇ ਉਦਯੋਗਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਸਮਝੌਤੇ ਦੇ ਲਾਗੂ ਹੋਣ ਨਾਲ ਸਸਤੇ ਵਿਦੇਸ਼ੀ ਖੇਤੀ ਉਤਪਾਦ ਭਾਰਤੀ ਬਾਜ਼ਾਰ ਵਿੱਚ ਆਉਣਗੇ, ਜਿਸ ਨਾਲ ਕਿਸਾਨਾਂ ਦੀ ਆਮਦਨ ‘ਤੇ ਮਾੜਾ ਅਸਰ ਪਵੇਗਾ।
ਨਵੀਂ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ
ਇਸ ਦੇ ਨਾਲ ਹੀ ਕਿਸਾਨ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਖੇਤੀਯੋਗ ਜ਼ਮੀਨ ‘ਤੇ ਨਕਾਰਾਤਮਕ ਪ੍ਰਭਾਵ ਪਵੇਗਾ।