ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਜੇਲ੍ਹ ਤੋਂ ਰਿਹਾਅ, ਸਰਕਾਰ ਤੇ ਪਰਿਵਾਰ ਵਿਚਾਲੇ ਬਣੀ ਸਹਿਮਤੀ, ਅੱਜ ਹੋਵੇਗਾ ਪੋਸਟਮਾਰਟਮ
Mansa Parvinder Singh Jhota Murder Case ; ਮਾਨਸਾ ਵਿੱਚ ਐਂਟੀ ਡਰੱਗ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ 23 ਦਿਨਾਂ ਬਾਅਦ ਪਰਿਵਾਰ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ। 6 ਨਵੰਬਰ ਯਾਨੀ ਅੱਜ ਚੰਡੀਗੜ੍ਹ ਦੇ PGI ਵਿੱਚ ਝੋਟਾ ਦਾ ਪੋਸਟਮਾਰਟਮ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਦਾ ਅੰਤਿਮ ਸਸਕਾਰ ਕਿਸ ਦਿਨ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।
ਦੂਜੇ ਪਾਸੇ, ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਲੱਖਾ ਸਿੰਘ ਸਿਧਾਣਾ ਨੂੰ ਨਾਭਾ ਜੇਲ੍ਹ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਮਾਨਸਾ ਅਦਾਲਤ ਨੇ ਦੋਵਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਸ ਤੋਂ ਪਹਿਲਾਂ ਬੁੱਧਵਾਰ (4 ਨਵੰਬਰ) ਨੂੰ ਮਾਨਸਾ ਵਿੱਚ ਪਰਿਵਾਰ ਅਤੇ ਐਕਸ਼ਨ ਕਮੇਟੀ ਦੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ‘ਤੇ ਸਹਿਮਤੀ ਬਣ ਗਈ ਸੀ।
ਸਰਕਾਰ ਵੱਲੋਂ ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੂੰ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਐਂਟੀ ਡਰੱਗ ਟਾਸਕ ਟੀਮ ਖ਼ਿਲਾਫ਼ ਦਰਜ ਕੇਸ ਹੋਣਗੇ ਰੱਦ
ਇਸ ਤੋਂ ਇਲਾਵਾ ਝੋਟਾ ਦੇ ਪਿਤਾ ਅਤੇ ਐਂਟੀ ਡਰੱਗ ਟਾਸਕ ਟੀਮ ਖ਼ਿਲਾਫ਼ ਦਰਜ ਕੇਸ ਵੀ ਰੱਦ ਕੀਤੇ ਜਾਣਗੇ। ਮਾਨਸਾ ਵਿੱਚ ਝੋਟਾ ਦੀ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਨਾਮ ‘ਤੇ ਪਿੰਡ ਖਿਆਲਾ ਵਿੱਚ ਟਰੌਮਾ ਸੈਂਟਰ ਬਣਾਇਆ ਜਾਵੇਗਾ।
ਕੈਮਿਸਟ ਦੀ ਦੁਕਾਨ ਤੋੜਨ ਦੇ ਮਾਮਲੇ ਵਿੱਚ 1,200 ਅਣਪਛਾਤੇ ਨੌਜਵਾਨਾਂ ਖ਼ਿਲਾਫ਼ FIR
ਮਾਨਸਾ ਪੁਲਿਸ ਨੇ ਕੈਮਿਸਟ ਦੀ ਦੁਕਾਨ ਤੋੜਨ ਦੇ ਮਾਮਲੇ ਵਿੱਚ 1,200 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੁੱਧਵਾਰ ਨੂੰ ਪੁਲਿਸ ਨੇ ਸਟੋਰ ਮਾਲਕ ਅਸ਼ਵਨੀ ਕੁਮਾਰ ਦੀ ਤੋੜੀ ਗਈ ਦੁਕਾਨ ਦਾ ਮਲਬਾ ਹਟਾਇਆ। ਇਸ ਦੌਰਾਨ ਸੀਬੀਆਈ ਦੀ ਟੀਮ ਅਤੇ ਪੁਲਿਸ ਅਧਿਕਾਰੀ ਜੇਸੀਬੀ ਮਸ਼ੀਨ ਲੈ ਕੇ ਮੌਕੇ ‘ਤੇ ਪਹੁੰਚੇ। ਇਹ ਕਾਰਵਾਈ ਮੌਕੇ ਤੋਂ ਸਬੂਤ ਇਕੱਠੇ ਕਰਨ ਦੇ ਮਕਸਦ ਨਾਲ ਕੀਤੀ ਗਈ।
ਇਸ ਦੇ ਨਾਲ ਹੀ ਮਾਨਸਾ ਪੁਲਿਸ ਨੇ ਮੰਗਲਵਾਰ ਨੂੰ ਇਸ ਮਾਮਲੇ ਸਬੰਧੀ ਹਾਈਕੋਰਟ ਵਿੱਚ ਸਟੇਟਸ ਰਿਪੋਰਟ ਦਾਖ਼ਲ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਨੌਜਵਾਨਾਂ ਖ਼ਿਲਾਫ਼ 15 ਅਕਤੂਬਰ ਨੂੰ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ।