Banner

ਜ਼ਮੀਨੀ ਵਿਵਾਦ ਬਣਿਆ ਰਿਸ਼ਤਿਆਂ ਦਾ ਕਾਤਿਲ! ਬਟਾਲਾ ‘ਚ ਸਾਂਢੂ ਨੇ ਸਾਂਢੂ ਦਾ ਕੀਤਾ ਕਤਲ

Batala Murder Case; ਬਟਾਲਾ ਦੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਮੰਨਣ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਉਸਦੇ ਹੀ ਸਾਂਢੂ ਵੱਲੋਂ ਕਤਲ ਕਰ ਦਿੱਤਾ ਗਿਆ। ਹਮਲੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਵਾਰਾਂ ਕਾਰਨ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਦੋ ਹੋਰ […]
Jaspreet Singh
By : Published: 13 Jul 2026 18:23:PM
ਜ਼ਮੀਨੀ ਵਿਵਾਦ ਬਣਿਆ ਰਿਸ਼ਤਿਆਂ ਦਾ ਕਾਤਿਲ! ਬਟਾਲਾ ‘ਚ ਸਾਂਢੂ ਨੇ ਸਾਂਢੂ ਦਾ ਕੀਤਾ ਕਤਲ

Batala Murder Case; ਬਟਾਲਾ ਦੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਮੰਨਣ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਵਿਅਕਤੀ ਦਾ ਉਸਦੇ ਹੀ ਸਾਂਢੂ ਵੱਲੋਂ ਕਤਲ ਕਰ ਦਿੱਤਾ ਗਿਆ। ਹਮਲੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਵਾਰਾਂ ਕਾਰਨ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਜ਼ਖਮੀ ਹੋ ਗਏ।

ਮ੍ਰਿਤਕ ਦੀ ਪਛਾਣ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਦਾ ਆਪਣੇ ਸਾਂਢੂ ਅਤੇ ਸ਼ਰੀਕੇ ਵਿੱਚ ਚਾਚੇ ਦੇ ਪੁੱਤਰ ਭਰਾ ਰਾਜ ਸਿੰਘ ਪੁੱਤਰ ਆਤਮਾ ਸਿੰਘ ਨਾਲ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ।

ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਨੇ ਦਖਲ ਦੇ ਕੇ ਦੋਵਾਂ ਵਿਚ ਸਮਝੌਤਾ ਕਰਵਾ ਦਿੱਤਾ ਸੀ। ਪਰ ਇਹ ਰੰਜਿਸ਼ ਖਤਮ ਨਹੀਂ ਹੋਈ ਅਤੇ ਬੀਤੇ ਦਿਨ ਇਸ ਨੇ ਖੂਨੀ ਰੂਪ ਧਾਰ ਲਿਆ।

ਘਰ ਵਿੱਚ ਦਾਖਲ ਹੋ ਕੇ ਕੀਤਾ ਹਮਲਾ

ਪਰਿਵਾਰ ਦੇ ਦੋਸ਼ਾਂ ਮੁਤਾਬਕ ਰਾਜ ਸਿੰਘ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦਵਿੰਦਰ ਸਿੰਘ ਦੇ ਘਰ ਪਹੁੰਚਿਆ ਅਤੇ ਘਰ ਵਿੱਚ ਦਾਖਲ ਹੋ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ ਘਟਨਾ ਸਮੇਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੋਈ ਸੀ। ਇਸ ਦੌਰਾਨ ਉਸਦੀ ਧੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਘਰ ਵਿੱਚ ਉਸਦੇ ਪਿਤਾ ‘ਤੇ ਹਮਲਾ ਹੋ ਗਿਆ ਹੈ। ਜਦੋਂ ਉਹ ਵਾਪਸ ਘਰ ਪਹੁੰਚੀ ਤਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ।

ਪਰਿਵਾਰ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਦਵਿੰਦਰ ਸਿੰਘ ਦੀ ਮਾਤਾ ਕੁਲਵੰਤ ਕੌਰ ਅਤੇ ਧੀ ਮਨਪ੍ਰੀਤ ਕੌਰ ਨੂੰ ਵੀ ਜ਼ਖਮੀ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ 7 ਲੋਕਾਂ ਖਿਲਾਫ ਦਰਜ ਕੀਤਾ ਮਾਮਲਾ

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਰੰਗੜ ਨੰਗਲ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਸਬ ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ।

ਪੁਲਿਸ ਨੇ ਰਾਜ ਸਿੰਘ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

Read Latest News and Breaking News at Daily Post TV, Browse for more News

Ad
Ad