ਫਿਰੋਜ਼ਪੁਰ ਵਿੱਚ ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜਾ, SSP ਦਫਤਰ ਦੇ ਬਾਹਰ ਹੀ ਲੁੱਟ ਦੀ ਵਾਰਦਾਤ

Ferozepur News: ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਸਐਸਪੀ ਦਫਤਰ ਦੇ ਬਾਹਰ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅਤੇ ਮੌਕੇ ਤੋਂ ਫ਼ਰਾਰ ਹੋ ਗਏ।
Robbery Outside SSP Office: ਫਿਰੋਜ਼ਪੁਰ ‘ਚ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਦਾ ਨਜ਼ਰ ਆ ਰਿਹਾ ਹੈ। ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਤਾਜ਼ਾ ਹੈਰਾਨ ਕਰਨ ਵਾਲਾ ਮਾਮਲਾ ਹੈ ਜਿਸ ‘ਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਸਐਸਪੀ ਦਫਤਰ ਦੇ ਬਾਹਰ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਇੱਕ ਸੀਨੀਅਰ ਸਿਟੀਜਨ ਦੀ ਜੇਬ ਚੋਂ 15 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ।
ਕਾਨੂੰਨ ਵਿਵਸਥਾ ਚੁਸਤ ਦਰੁਸਤ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਫਿਰੋਜ਼ਪੁਰ ਪੁਲਿਸ ਦੇ ਦਾਅਵਿਆਂ ਦੀ ਹਵਾ ਉਸ ਵੇਲੇ ਨਿਕਲ ਗਈ ਜਦੋਂ ਦੋ ਲੁਟੇਰਿਆਂ ਨੇ ਐਸਐਸਪੀ ਦਫਤਰ ਦੇ ਬਾਹਰ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਖੁੱਲਾ ਚੈਲੰਜ ਦਿੱਤਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਸੀਨੀਅਰ ਸਿਟੀਜਨ ਜਸਵੰਤ ਸਿੰਘ ਆਪਣੇ ਕਿਸੇ ਕੰਮ ਲਈ ਐਸਐਸਪੀ ਦਫਤਰ ਦੇ ਨਾਲ ਲੱਗਦੇ ਸੈਕਟਰੀਏਟ ਵਿੱਚ ਕੰਮ ਆਏ ਸੀ। ਜਿਵੇਂ ਹੀ ਉਹ ਅੰਦਰ ਜਾਣ ਲੱਗੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਹਨਾਂ ਦੀ ਜੇਬ ਵਿੱਚ ਪਾਏ ਹੋਏ ਕਰੀਬ 15 ਹਜਾਰ ਰੁਪਏ ਅਤੇ ਮੋਬਾਇਲ ਫੋਨ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਹੈਰਾਨੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਉਸੇ ਸਮੇਂ ਦੂਜੇ ਪਾਸੇ ਐਸਐਸਪੀ ਸਣੇ ਪੁਲਿਸ ਦੇ ਉੱਚੇ ਅਧਿਕਾਰੀ ਪ੍ਰੈਸ ਕਾਨਫਰੰਸ ਵਿੱਚ ਕਾਨੂੰਨ ਵਿਵਸਥਾ ਦੇ ਸੁਦਰਦੇ ਹਾਲਾਤ ‘ਤੇ ਆਪਣੀ ਪਿੱਠ ਥਪਾੜ ਰਹੇ ਸੀ।
ਸੀਸੀਟੀਵੀ ਕੈਮਰੇ ਖੰਗਾਲੇ ਰਹੀ ਪੁਲਿਸ
ਉਥੇ ਹੀ ਲੁੱਟ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਕਿਹਾ ਗਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ। ਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਜੇਕਰ ਲੁਟੇਰੇ ਬੇਖੌਫ ਹੋ ਕੇ ਐਸਐਸਪੀ ਦਫਤਰ ਦੇ ਬਾਹਰ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਤਾਂ ਕਾਨੂੰਨ ਤੋੜਨ ਵਾਲਿਆਂ ਦੇ ਦਿਲਾਂ ਵਿੱਚ ਪੁਲਿਸ ਦਾ ਕਿੰਨਾ ਡਰ ਖੌਫ ਹੈ ਇਹ ਸਾਫ ਨਜ਼ਰ ਆਉਂਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਲੁਟੇਰਿਆਂ ਵੱਲੋਂ ਦਿੱਤੀ ਗਈ ਪੁਲਿਸ ਨੂੰ ਖੁੱਲੀ ਚੁਨੌਤੀ ਨੂੰ ਪੁਲਿਸ ਕਿੰਨੀ ਸੰਜੀਦਗੀ ਨਾਲ ਲੈਂਦੀ ਹੈ ਔਰ ਕਿੰਨੇ ਘੱਟ ਸਮੇਂ ਵਿੱਚ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਸਲਾਖਾਂ ਦੇ ਪਿੱਛੇ ਪਹੁੰਚਾਉਣ ਦਾ ਕੰਮ ਕਰਦੀ ਹੈ।