ਚੰਡੀਗੜ੍ਹ ‘ਚ ਘਰ ਦਾ ਕਬਜ਼ਾ ਲੈਣ ਪਹੁੰਚੀ ਔਰਤ ਨੂੰ ਵਕੀਲ ਨੇ ਮਾਰੀ ਗੋਲੀ
- ਵਕੀਲ ਨੇ ਪੁਲਿਸ ਸਾਹਮਣੇ ਚਲਾਈ ਲਾਇਸੈਂਸੀ ਰਿਵਾਲਵਰ
Lawyer shoots woman: ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-42 ਵਿੱਚ ਸ਼ਨੀਵਾਰ ਦੁਪਹਿਰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਅਦਾਲਤ ਦੇ ਹੁਕਮ ‘ਤੇ ਆਪਣੇ ਘਰ ਦਾ ਕਬਜ਼ਾ ਲੈਣ ਪਹੁੰਚੀ ਇੱਕ ਔਰਤ ਨੂੰ ਕਥਿਤ ਤੌਰ ‘ਤੇ ਇੱਕ ਵਕੀਲ ਨੇ ਗੋਲੀ ਮਾਰ ਦਿੱਤੀ।
ਜਾਣਕਾਰੀ ਅਨੁਸਾਰ, ਦੁਪਹਿਰ ਕਰੀਬ 1 ਵਜੇ ਗਰਲਜ਼ ਕਾਲਜ ਦੇ ਸਾਹਮਣੇ ਇਹ ਘਟਨਾ ਵਾਪਰੀ। ਜ਼ਖ਼ਮੀ ਔਰਤ ਦੀ ਪਛਾਣ ਮਨਵਿੰਦਰ ਕੌਰ ਵਜੋਂ ਹੋਈ ਹੈ, ਜੋ ਅਦਾਲਤੀ ਹੁਕਮਾਂ ਅਨੁਸਾਰ ਆਪਣੇ ਘਰ ਦਾ ਕਬਜ਼ਾ ਲੈਣ ਲਈ ਪੁਲਿਸ ਦੀ ਮੌਜੂਦਗੀ ਵਿੱਚ ਮੌਕੇ ‘ਤੇ ਪਹੁੰਚੀ ਸੀ।
ਦੋਸ਼ ਹੈ ਕਿ ਇਸ ਦੌਰਾਨ ਘਰ ‘ਤੇ ਕਬਜ਼ਾ ਕੀਤੇ ਬੈਠੇ ਵਕੀਲ ਜੇਪੀਐਸ ਚੱਢਾ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਮਨਵਿੰਦਰ ਕੌਰ ਦੇ ਸਿਰ ਵਿੱਚ ਲੱਗੀ। ਗੋਲੀ ਲੱਗਣ ਨਾਲ ਉਹ ਮੌਕੇ ‘ਤੇ ਹੀ ਡਿੱਗ ਪਈ।
ਘਟਨਾ ਤੋਂ ਬਾਅਦ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
