ਆਪ੍ਰੇਸ਼ਨ ਪਰਹਾਰ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਜਸਪਾਲ ਉਰਫ ਭੱਟੀ ਐਨਕਾਊਂਟਰ ਤੋਂ ਬਾਅਦ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਦੌਰਾਨ ਟਿਮੋਵਾਲ ਨਜ਼ਦੀਕ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਦੌਰਾਨ ਕਪੂਰਥਲਾ ਕਤਲ ਕੇਸ ਦਾ ਲੰਮੇ ਸਮੇਂ ਤੋਂ ਲੁੜਿੰਦਾ ਆਰੋਪੀ ਜਸਪਾਲ ਉਰਫ ਭੱਟੀ ਜ਼ਖਮੀ ਹੋ ਗਿਆ।
ਇਸ ਸਬੰਧੀ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਉਰਫ ਭੱਟੀ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਨੇ ਲਗਭਗ ਇੱਕ ਸਾਲ ਪਹਿਲਾਂ ਕਪੂਰਥਲਾ ਇਲਾਕੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਮਾਮਲੇ ਤੋਂ ਬਾਅਦੋਂ ਹੀ ਉਹ ਪੁਲਿਸ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ ਅਤੇ ਇੱਕ ਸਾਲ ਤੋਂ ਲੁੜਿੰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਆਰੋਪੀ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਘੁੰਮ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਵੱਲੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਆਪਣੇ ਬਚਾਅ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਜਸਪਾਲ ਉਰਫ ਭੱਟੀ ਦੀ ਲੱਤ ਵਿੱਚ ਗੋਲੀ ਲੱਗ ਗਈ।
ਜ਼ਖਮੀ ਹਾਲਤ ਵਿੱਚ ਆਰੋਪੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਪੂਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਖ਼ਿਲਾਫ਼ ਚਲਾਏ ਜਾ ਰਹੇ ‘ਆਪ੍ਰੇਸ਼ਨ ਪਰਹਾਰ’ ਦੇ ਤਹਿਤ ਕੀਤੀ ਗਈ ਹੈ। ਅਤੇ ਪੁਲਿਸ ਨੇ ਦੱਸਿਆ ਕਿ ਇੱਕ ਚਾਈਨਾ ਮਿਡ ਪਿਸਤੋਲ ਵੀ ਇਸ ਆਰੋਪੀ ਤੋਂ ਬਰਾਮਦ ਹੋਇਆ ਹੈ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।