ਵਿਜੀਲੈਂਸ ਦਾ ਵੱਡਾ ਐਕਸ਼ਨ, ਪਟਵਾਰੀ ਦਾ ਪ੍ਰਾਈਵੇਟ ਅਸਿਸਟੈਂਟ 30 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ
ਬਠਿੰਡਾ ਦੇ ਮੌੜ ਤਹਿਸੀਲ ਦੇ ਪਿੰਡ ਚੌਕੇ ਦਾ ਮਾਮਲਾ
150,000 ਰੁਪਏ ਮੰਗੀ ਸੀ ਰਿਸ਼ਵਤ, 1.40 ਲੱਖ ’ਤੇ ਹੋਇਆ ਸੀ ਸੌਦਾ
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਮੌੜ ਤਹਿਸੀਲ ਅਧੀਨ ਪੈਂਦੇ ਪਿੰਡ ਚੌਕੇ ਦੇ ਪਟਵਾਰੀ ਮਨਿੰਦਰ ਸਿੰਘ ਦੇ ਪ੍ਰਾਈਵੇਟ ਅਸਿਸਟੈਂਟ ਪ੍ਰਿਤਪਾਲ ਸਿੰਘ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਅਨੁਸਾਰ, ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਭੈਣ-ਭਰਾ ਨਾਲ ਮਿਲ ਕੇ ਸਾਲ 2002 ਵਿੱਚ ਪਿੰਡ ਚੌਕੇ ਵਿਖੇ ਜ਼ਮੀਨ ਖਰੀਦੀ ਸੀ। ਪਰ ਮਾਲ ਰਿਕਾਰਡ ਵਿੱਚ ਅਜੇ ਵੀ ਪੁਰਾਣੇ ਮਾਲਕ ਦਾ ਨਾਮ ਦਰਜ ਸੀ।
ਇਸ ਰਿਕਾਰਡ ਨੂੰ ਠੀਕ ਕਰਵਾਉਣ ਲਈ ਜਦੋਂ ਉਹ ਪਟਵਾਰੀ ਕੋਲ ਪਹੁੰਚਿਆ ਤਾਂ ਉਸ ਨੂੰ ਪ੍ਰਾਈਵੇਟ ਅਸਿਸਟੈਂਟ ਪ੍ਰਿਤਪਾਲ ਸਿੰਘ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਦੋਸ਼ ਹੈ ਕਿ ਰਿਕਾਰਡ ਵਿੱਚ ਸੁਧਾਰ ਕਰਨ ਬਦਲੇ ਪਹਿਲਾਂ ਡੇਢ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ, ਜਿਸ ਤੋਂ ਬਾਅਦ ਇਹ ਰਕਮ 1 ਲੱਖ 40 ਹਜ਼ਾਰ ਰੁਪਏ ਤੈਅ ਹੋਈ।
ਵਿਜੀਲੈਂਸ ਮੁਤਾਬਕ, ਮੁਲਜ਼ਮ ਨੇ ਪਹਿਲਾਂ 2 ਹਜ਼ਾਰ ਰੁਪਏ ਵੀ ਲਏ ਸਨ। ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਦੀ ਬਠਿੰਡਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਅੱਜ 22 ਅਕਤੂਬਰ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪ੍ਰਿਤਪਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਥਾਣਾ ਬਠਿੰਡਾ ਵਿਖੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।