ਹਰਿਆਣਾ ਦੇ ₹661 ਕਰੋੜ ਦੇ ਬੈਂਕ ਘੁਟਾਲੇ ‘ਚ ਵੱਡੀ ਕਾਰਵਾਈ: CBI ਵੱਲੋਂ ਸੀਨੀਅਰ IAS ਅਧਿਕਾਰੀ ਗ੍ਰਿਫ਼ਤਾਰ
CBI Arrests IAS Pankaj Aggarwal Haryana: ਕੇਂਦਰ ਸਰਕਾਰ ਦੀ ਪ੍ਰਮੁੱਖ ਜਾਂਚ ਏਜੰਸੀ ਸੀਬੀਆਈ (CBI) ਨੇ ਹਰਿਆਣਾ ਦੇ ਬਹੁਚਰਚਿਤ ₹661 ਕਰੋੜ ਦੇ IDFC First Bank ਅਤੇ AU Small Finance Bank ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਹੋਰ ਸੀਨੀਅਰ ਆਈਏਐਸ (IAS) ਅਧਿਕਾਰੀ ਪੰਕਜ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਏਜੰਸੀ ਵੱਲੋਂ ਮੁਲਜ਼ਮ ਅਧਿਕਾਰੀ ਨੂੰ ਅੱਜ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਮੰਗਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜਦੋਂ ਇਹ ਕਰੋੜਾਂ ਰੁਪਏ ਦਾ ਵਿੱਤੀ ਘੁਟਾਲਾ ਹੋਇਆ, ਉਸ ਵੇਲੇ ਪੰਕਜ ਅਗਰਵਾਲ ਸਿੱਖਿਆ ਅਤੇ ਖੇਤੀਬਾੜੀ ਵਿਭਾਗਾਂ ਵਿੱਚ ਪ੍ਰਮੁੱਖ ਸਕੱਤਰ (Principal Secretary) ਵਜੋਂ ਤਾਇਨਾਤ ਸਨ। ਮੌਜੂਦਾ ਸਮੇਂ ਉਹ ਆਰਕੀਟੈਕਚਰ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਸਰਕਾਰੀ ਫੰਡਾਂ ਦੀ ਦੁਰਵਰਤੋਂ: ਸਰਕਾਰ ਨੂੰ ਲੱਗਿਆ ₹60.54 ਕਰੋੜ ਦਾ ਚੂਨਾ
ਸੀਬੀਆਈ ਦੀ ਹੁਣ ਤੱਕ ਦੀ ਜਾਂਚ ਵਿੱਚ ਇਸ ਮੈਗਾ ਸਕੈਮ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ:
- ਨਿਯਮਾਂ ਦੀਆਂ ਉਡਾਈਆਂ ਧੱਜੀਆਂ: ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਕੌਂਸਲ (HSSPP) ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (HSAMB) ਦੇ ਅਧਿਕਾਰਤ ਖਾਤੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਆਈਡੀਐਫਸੀ ਫਸਟ ਬੈਂਕ ਦੀ ਸ਼ਾਖਾ ਵਿੱਚ ਸਾਰੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਖੋਲ੍ਹੇ ਗਏ ਸਨ।
- ਫੰਡ ਕੀਤੇ ਟ੍ਰਾਂਸਫਰ: ਖਾਤੇ ਖੋਲ੍ਹਣ ਤੋਂ ਬਾਅਦ ਤੈਅਸ਼ੁਦਾ ਸੀਮਾ ਤੋਂ ਕਈ ਗੁਣਾ ਵੱਧ ਸਰਕਾਰੀ ਫੰਡ ਇਨ੍ਹਾਂ ਨਿੱਜੀ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ।
- ਮੋਟਾ ਨੁਕਸਾਨ: ਇਨ੍ਹਾਂ ਬੈਂਕ ਖਾਤਿਆਂ ਰਾਹੀਂ ਫਰਜ਼ੀ ਅਤੇ ਗੈਰ-ਕਾਨੂੰਨੀ ਲੈਣ-ਦੇਣ ਕਰਕੇ ਜਨਤਕ ਫੰਡਾਂ ਨੂੰ ਖ਼ੁਰਦ-ਬੁਰਦ ਕੀਤਾ ਗਿਆ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਿੱਧੇ ਤੌਰ ‘ਤੇ ₹60.54 ਕਰੋੜ ਦਾ ਵੱਡਾ ਵਿੱਤੀ ਨੁਕਸਾਨ ਪਹੁੰਚਿਆ। ਜਾਂਚ ਦੌਰਾਨ ਇਸ ਪੂਰੀ ਸਾਜ਼ਿਸ਼ ਵਿੱਚ ਪੰਕਜ ਅਗਰਵਾਲ ਦੇ ਖ਼ਿਲਾਫ਼ ਪੁਖਤਾ ਸਬੂਤ ਮਿਲੇ ਹਨ।
ਜਾਂਚ ਏਜੰਸੀ ਹੁਣ ਤੱਕ ਬੈਂਕ ਅਧਿਕਾਰੀਆਂ, ਸਰਕਾਰੀ ਕਰਮਚਾਰੀਆਂ ਅਤੇ ਨਿੱਜੀ ਕੰਪਨੀਆਂ ਸਮੇਤ ਕੁੱਲ 17 ਲੋਕਾਂ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।
18 ਜੂਨ ਨੂੰ ਗ੍ਰਿਫ਼ਤਾਰ ਹੋਏ IAS ਆਰ.ਕੇ. ਸਿੰਘ ਵੀ ਨਿਆਂਇਕ ਹਿਰਾਸਤ ‘ਚ
ਚੈਟ ਡਿਲੀਟ ਕਰਨ ਦੇ ਦੋਸ਼: ਇਸੇ ਮਾਮਲੇ ਦੀ ਕੜੀ ਨੂੰ ਜੋੜਦਿਆਂ ਸੀਬੀਆਈ ਨੇ ਬੀਤੀ 18 ਜੂਨ ਨੂੰ ਇੱਕ ਹੋਰ ਸੀਨੀਅਰ ਆਈਏਐਸ ਅਧਿਕਾਰੀ ਆਰ.ਕੇ. ਸਿੰਘ ਨੂੰ ਵੀ ਸਲਾਖਾਂ ਪਿੱਛੇ ਧੱਕਿਆ ਸੀ। ਉਨ੍ਹਾਂ ‘ਤੇ ਪੰਚਕੂਲਾ ਨਗਰ ਨਿਗਮ ਅਤੇ ਕਾਲਕਾ ਨਗਰ ਪ੍ਰੀਸ਼ਦ ਦੇ ਕਮਿਸ਼ਨਰ ਰਹਿੰਦਿਆਂ ਸਰਕਾਰੀ ਫੰਡਾਂ ਦੀ ਹੇਰਾਫੇਰੀ ਕਰਨ ਦੇ ਗੰਭੀਰ ਦੋਸ਼ ਹਨ। ਸੀਬੀਆਈ ਮੁਤਾਬਕ ਆਰ.ਕੇ. ਸਿੰਘ ਨੇ ਆਪਣੀ ਗ੍ਰਿਫ਼ਤਾਰੀ ਤੋਂ ਠੀਕ ਪਹਿਲਾਂ ਘੁਟਾਲੇ ਦੇ ਮੁੱਖ ਮਾਸਟਰਮਾਈਂਡ ਨਾਲ ਕੀਤੀ ਗਈ ਮੋਬਾਈਲ ਚੈਟ (Chat) ਨੂੰ ਡਿਲੀਟ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ।