ਬਟਾਲਾ ’ਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡਾ ਐਕਸ਼ਨ, 2300 ਕਿਲੋ ਲਾਹਣ ਤੇ 96 ਲੀਟਰ ਸ਼ਰਾਬ ਨਸ਼ਟ
Batala alcohol raid; ਗੁਰਦਾਸਪੁਰ ਰੇਂਜ ਦੇ ਐਕਸਾਈਜ਼ ਵਿਭਾਗ ਵੱਲੋਂ ਬਟਾਲਾ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ।ਬਟਾਲਾ ਦੇ ਅਲੀਵਾਲ ਨਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਐਕਸਾਈਜ਼ ਟੀਮ ਨੇ 2300 ਕਿਲੋ ਲਾਹਣ ਅਤੇ 96 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਬਰਾਮਦ ਕੀਤੀ ਗਈ ਲਾਹਣ ਅਤੇ ਸ਼ਰਾਬ ਨੂੰ ਅਣਪਛਾਤਾ ਅਤੇ ਲਾਵਾਰਿਸ ਹੋਣ ਕਾਰਨ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਸਰਕਲ ਬਟਾਲਾ, ਅਤੇ ਐਕਸਾਈਜ਼ ਪੁਲਿਸ ਬਟਾਲਾ ਦੀ ਟੀਮ ਨੇ ਅਲੀਵਾਲ ਨਹਿਰ ਦੇ ਨਾਲ ਲੱਗਦੇ ਜੰਗਲੀ ਇਲਾਕਿਆਂ ਅਤੇ ਪਿੰਡਾਂ ਵਿੱਚ ਸਰਚ ਆਪਰੇਸ਼ਨ ਚਲਾਇਆ।
ਟੀਮ ਵੱਲੋਂ ਅਲੀਵਾਲ, ਰਿਆਲੀ ਕਲਾਂ, ਭੰਗਲੀ, ਤਲਵੰਡੀ ਭਰਥ, ਨਸਰਕੇ, ਖੇੜਾ ਅਤੇ ਲੰਗਰਵਾਲ ਸਮੇਤ ਨਹਿਰ ਦੇ ਨਾਲ ਲੱਗਦੇ ਇਲਾਕਿਆਂ ਦੀ ਤਲਾਸ਼ੀ ਲਈ ਗਈ।
ਇਸ ਦੌਰਾਨ ਨਹਿਰ ਦੇ ਕਿਨਾਰਿਆਂ ਤੋਂ 22 ਪਲਾਸਟਿਕ ਡਰੱਮੀਆਂ ਵਿੱਚ ਕਰੀਬ 1100 ਕਿਲੋ ਲਾਹਣ ਬਰਾਮਦ ਹੋਈ। ਇਸ ਤੋਂ ਇਲਾਵਾ 4 ਲੋਹੇ ਦੇ ਡਰੰਮਾਂ ਵਿੱਚ ਕਰੀਬ 1200 ਕਿਲੋ ਲਾਹਣ ਵੀ ਮਿਲੀ।
ਇਸ ਤਰ੍ਹਾਂ ਕੁੱਲ 2300 ਕਿਲੋ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਅਣਪਛਾਤਾ ਅਤੇ ਲਾਵਾਰਿਸ ਹੋਣ ਕਾਰਨ ਐਕਸਾਈਜ਼ ਟੀਮ ਨੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।
ਇਸੇ ਸਰਚ ਆਪਰੇਸ਼ਨ ਦੌਰਾਨ ਅਲੀਵਾਲ ਨਹਿਰ ਦੇ ਕਿਨਾਰੇ ਤੋਂ ਤਿੰਨ ਜੂਟ ਦੇ ਬੋਰੇ ਵੀ ਬਰਾਮਦ ਹੋਏ। ਇਨ੍ਹਾਂ ਵਿੱਚ ਪੌਲੀਬੈਗਾਂ ਵਿੱਚ ਭਰੀ ਕਰੀਬ 96 ਲੀਟਰ ਨਾਜਾਇਜ਼ ਸ਼ਰਾਬ ਮਿਲੀ।
ਇਹ ਸ਼ਰਾਬ ਵੀ ਅਣਪਛਾਤੀ ਅਤੇ ਲਾਵਾਰਿਸ ਹੋਣ ਕਾਰਨ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਤਿਆਰੀ ਅਤੇ ਤਸਕਰੀ ਖ਼ਿਲਾਫ਼ ਅਜਿਹੀ ਕਾਰਵਾਈ ਲਗਾਤਾਰ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ
