ਜਲੰਧਰ BJP ਰੈਲੀ ’ਚ ਵੱਡਾ ਹਾਦਸਾ, 2 ਵਰਕਰਾਂ ਦੀ ਹਾਰਟ ਅਟੈਕ ਨਾਲ ਮੌਤ
Jalandhar BJP Rally Worker Death; ਜਲੰਧਰ ਦੇ ਪਰਾਗਪੁਰ ਵਿੱਚ ਭਾਜਪਾ ਦੀ ਰੈਲੀ ਦੌਰਾਨ ਦੋ ਵਰਕਰਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਟੇਜ ਤੋਂ ਦਿੱਤੀ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਵਿਨੋਦ ਕੁਮਾਰ ਵਜੋਂ ਹੋਈ ਹੈ। ਹਾਲਾਂਕਿ ਦੋਵੇਂ ਵਰਕਰ ਕਿੱਥੋਂ ਦੇ ਰਹਿਣ ਵਾਲੇ ਸਨ, ਇਸ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ।
ਜਲੰਧਰ ਦਿਹਾਤੀ ਪੁਲਿਸ ਮੁਤਾਬਕ ਦੋਵਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੁੱਧਵਾਰ ਦੁਪਹਿਰ ਕਰੀਬ 1:23 ਵਜੇ ਰੈਲੀ ਵਿੱਚ ਪਹੁੰਚੇ ਇੱਕ ਵਰਕਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹਾਰਟ ਅਟੈਕ ਉਸ ਸਮੇਂ ਆਇਆ ਜਦੋਂ ਪੁਲਿਸ ਵੱਲੋਂ ਪੰਡਾਲ ਵਿੱਚ ਦਾਖਲ ਹੋਣ ਵਾਲੇ ਗੇਟ ’ਤੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਵਰਕਰ ਅਚਾਨਕ ਡਿੱਗ ਗਿਆ। ਪੁਲਿਸ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ CPR ਦਿੱਤੀ। ਇਸ ਤੋਂ ਬਾਅਦ ਰੈਲੀ ਲਈ ਤਾਇਨਾਤ ਮੈਡੀਕਲ ਟੀਮ ਨੇ ਐਂਬੂਲੈਂਸ ਵਿੱਚ ਫਸਟ ਏਡ ਦਿੱਤੀ, ਪਰ ਉਸ ਦੀ ਜਾਨ ਨਹੀਂ ਬਚ ਸਕੀ।
ਕੇਵਲ ਸਿੰਘ ਢਿੱਲੋਂ ਨੇ ਦਿੱਤੀ ਸ਼ਰਧਾਂਜਲੀ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਦੋਵੇਂ ਵਰਕਰਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਪਹੁੰਚੇ ਦੋ ਜੁਝਾਰੂ ਵਰਕਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਦੁੱਖ ਦੀ ਇਸ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕਰਦੀ ਹੈ।
