ਟਰੰਪ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਵਾਸ਼ਿੰਗਟਨ ਪਹੁੰਚਿਆ ਵਿਅਕਤੀ ਗ੍ਰਿਫ਼ਤਾਰ
- ਕਾਰ ’ਚੋਂ ਤਿੰਨ ਬੰਦੂਕਾਂ ਤੇ ਦਰਜਨਾਂ ਕਾਰਤੂਸ ਬਰਾਮਦ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਕਾਰ ਵਿੱਚੋਂ ਇੱਕ ਰਾਈਫਲ, ਦੋ ਹੈਂਡਗਨ ਅਤੇ ਦਰਜਨਾਂ ਕਾਰਤੂਸ ਬਰਾਮਦ ਹੋਏ ਹਨ। ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (DHS) ਮੁਤਾਬਕ, ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਵੈਨੇਜ਼ੁਏਲਾ ਦੇ ਨਾਗਰਿਕ ਰੌਨੀ ਯੋਰਡ੍ਰਿਕਸ ਗੁਆਨੀਪਾ ਚਿਰੀਨੋਸ ਵਜੋਂ ਹੋਈ ਹੈ। ਏਜੰਸੀਆਂ ਦੇ ਅਨੁਸਾਰ, ਉਹ 2024 ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ।
ਪੁੱਛਗਿੱਛ ਦੌਰਾਨ ਕੀਤਾ ਹੈਰਾਨੀਜਨਕ ਦਾਅਵਾ
ਅਧਿਕਾਰੀਆਂ ਮੁਤਾਬਕ, ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਇੱਕ ਕਾਰ ਵਿੱਚ ਉਸ ਨੂੰ ਸ਼ੱਕੀ ਗਤੀਵਿਧੀਆਂ ਕਰਦੇ ਦੇਖਿਆ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਦੇ ਦਿਮਾਗ ਵਿੱਚ ਆਵਾਜ਼ਾਂ ਆ ਰਹੀਆਂ ਸਨ, ਜੋ ਉਸ ਨੂੰ ਵਾਸ਼ਿੰਗਟਨ ਡੀ.ਸੀ. ਜਾ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਕਰਨ ਲਈ ਕਹਿ ਰਹੀਆਂ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਜਿਸ ਕਾਰ ਵਿੱਚ ਸਵਾਰ ਸੀ, ਉਹ ਚੋਰੀ ਦੀ ਸੀ। ਉਸ ਨੇ ਕਾਰ ਵਿੱਚ ਹਥਿਆਰ ਹੋਣ ਦੀ ਗੱਲ ਵੀ ਮੰਨੀ। ਇਸ ਤੋਂ ਬਾਅਦ ਏਜੰਟਾਂ ਨੇ ਵਾਹਨ ਦੀ ਤਲਾਸ਼ੀ ਲਈ, ਜਿਸ ਦੌਰਾਨ ਇੱਕ ਰਾਈਫਲ, ਦੋ ਪਿਸਤੌਲ ਅਤੇ ਦਰਜਨਾਂ ਕਾਰਤੂਸ ਮਿਲੇ।
ਕਈ ਮਾਮਲਿਆਂ ਤਹਿਤ ਗ੍ਰਿਫ਼ਤਾਰ
DHS ਅਨੁਸਾਰ, ਮੁਲਜ਼ਮ ਨੂੰ ਹਥਿਆਰਾਂ ਨਾਲ ਸਬੰਧਤ ਕਈ ਦੋਸ਼ਾਂ, ਬਿਨਾਂ ਇਜਾਜ਼ਤ ਵਾਹਨ ਦੀ ਵਰਤੋਂ ਕਰਨ ਅਤੇ ਚੋਰੀ ਦੀ ਜਾਇਦਾਦ ਰੱਖਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਹ ਅਮਰੀਕੀ ਮਾਰਸ਼ਲਜ਼ ਸਰਵਿਸ ਦੀ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਸੀਨ ਕਰਨ ਨੇ ਏਜੰਟਾਂ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਖਲਾਈ ਅਤੇ ਤਜਰਬੇ ਦੀ ਮਦਦ ਨਾਲ ਇੱਕ ਖ਼ਤਰਨਾਕ ਸਥਿਤੀ ਨੂੰ ਸਮੇਂ ਸਿਰ ਸੰਭਾਲਿਆ। ਉਨ੍ਹਾਂ ਮੁਤਾਬਕ, ਇਸ ਘਟਨਾ ਨਾਲ ਰਾਸ਼ਟਰਪਤੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਤੁਰੰਤ ਖ਼ਤਰਾ ਪੈਦਾ ਹੋ ਸਕਦਾ ਸੀ।
ਵ੍ਹਾਈਟ ਹਾਊਸ ਨੇੜੇ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ
ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਅਨੁਸਾਰ, ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਅਤੇ ਵ੍ਹਾਈਟ ਹਾਊਸ ਦੀ ਪ੍ਰਤੀਕਾਤਮਕ ਮਹੱਤਤਾ ਕੁਝ ਅਜਿਹੇ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦੀ ਹੈ, ਜੋ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋਣ। ਇਸ ਤੋਂ ਪਹਿਲਾਂ ਮਈ ਵਿੱਚ ਵੀ ਵ੍ਹਾਈਟ ਹਾਊਸ ਦੇ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਉਸ ਸਮੇਂ ਸੁਰੱਖਿਆ ਜਾਂਚ ਚੌਕੀ ਦੇ ਕੋਲ ਇੱਕ ਵਿਅਕਤੀ ਨੇ ਗੋਲੀ ਚਲਾਈ ਸੀ। ਜਵਾਬੀ ਕਾਰਵਾਈ ਦੌਰਾਨ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।