ਸੜਕ ’ਤੇ ਤੜਫ਼ਦਾ ਰਿਹਾ ਜ਼ਖ਼ਮੀ ਵਿਅਕਤੀ, ਸਮੇਂ ਸਿਰ ਨਹੀਂ ਮਿਲੀ ਐਂਬੂਲੈਂਸ; ਹੋਈ ਮੌਤ
Man dies on the road: ਲੁਧਿਆਣਾ: ਸ਼ਹਿਰ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਟਰਾਂਸਪੋਰਟ ਨਗਰ ਇਲਾਕੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਸੜਕ ’ਤੇ ਜ਼ਖ਼ਮੀ ਹਾਲਤ ਵਿੱਚ ਪਏ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀਆਂ ਦੋਵੇਂ ਲੱਤਾਂ ਖ਼ੂਨ ਨਾਲ ਲੱਥਪੱਥ ਸਨ ਅਤੇ ਉਹ ਦਰਦ ਨਾਲ ਤੜਫ਼ ਰਿਹਾ ਸੀ। ਉੱਥੋਂ ਲੰਘ ਰਹੇ ਇੱਕ ਟਰੱਕ ਡਰਾਈਵਰ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਸ਼ ਹੈ ਕਿ ਕਈ ਵਾਰ ਫੋਨ ਕਰਨ ਦੇ ਬਾਵਜੂਦ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ।
ਟਰੱਕ ਡਰਾਈਵਰ ਨੇ ਕਈ ਵਾਰ ਮੰਗੀ ਮਦਦ
ਟਰੱਕ ਡਰਾਈਵਰ ਆਨੰਦ ਨੇ ਦੱਸਿਆ ਕਿ ਉਹ ਟਰਾਂਸਪੋਰਟ ਨਗਰ ਦੀ ਸੜਕ ਤੋਂ ਲੰਘ ਰਿਹਾ ਸੀ, ਜਦੋਂ ਉਸ ਦੀ ਨਜ਼ਰ ਸੜਕ ’ਤੇ ਪਏ ਜ਼ਖ਼ਮੀ ਵਿਅਕਤੀ ’ਤੇ ਪਈ। ਉਸ ਦੀਆਂ ਲੱਤਾਂ ਵਿੱਚੋਂ ਖ਼ੂਨ ਵਹਿ ਰਿਹਾ ਸੀ ਅਤੇ ਹਾਲਤ ਗੰਭੀਰ ਸੀ। ਆਨੰਦ ਨੇ ਤੁਰੰਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਐਂਬੂਲੈਂਸ ਬੁਲਾਉਣ ਲਈ ਕਈ ਵਾਰ ਫੋਨ ਕੀਤੇ, ਪਰ ਉਸ ਮੁਤਾਬਕ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ।
ਪੀਸੀਆਰ ਟੀਮ ਵੀ ਨਹੀਂ ਕਰਵਾ ਸਕੀ ਐਂਬੂਲੈਂਸ ਦਾ ਪ੍ਰਬੰਧ
ਐਂਬੂਲੈਂਸ ਨਾ ਪਹੁੰਚਣ ’ਤੇ ਆਨੰਦ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਮੁਲਾਜ਼ਮਾਂ ਨੇ ਵੀ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ।
ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਈ
ਜਾਂਚ ਅਧਿਕਾਰੀ ਏਐੱਸਆਈ ਅਜਮੇਰ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੂੰ ਲਾਸ਼ ਕੋਲੋਂ ਕੀਪੈਡ ਵਾਲਾ ਮੋਬਾਈਲ ਫੋਨ ਵੀ ਮਿਲਿਆ ਹੈ, ਜਿਸ ਦੀ ਮਦਦ ਨਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੀਸੀਟੀਵੀ ਫੁਟੇਜ ਖੰਗਾਲੇਗੀ ਪੁਲਿਸ
ਜਾਂਚ ਅਧਿਕਾਰੀ ਮੁਤਾਬਕ, ਮੁੱਢਲੀ ਜਾਣਕਾਰੀ ਵਿੱਚ ਮਾਮਲਾ ਸੜਕ ਹਾਦਸੇ ਦਾ ਲੱਗ ਰਿਹਾ ਹੈ। ਪੁਲਿਸ ਘਟਨਾ ਸਥਾਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇਗੀ, ਤਾਂ ਜੋ ਹਾਦਸੇ ਦੇ ਕਾਰਨਾਂ ਅਤੇ ਮ੍ਰਿਤਕ ਦੀ ਪਛਾਣ ਬਾਰੇ ਪਤਾ ਲੱਗ ਸਕੇ। ਮਾਮਲੇ ਦੀ ਜਾਂਚ ਜਾਰੀ ਹੈ।
