ਸੰਗਰੂਰ DC ਦਫ਼ਤਰ ਪਹੁੰਚੇ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਚੀਜ਼
Man swallowed poisonous substance at DC office: ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਅਧੀਨ ਪਿੰਡ ਨਮੋਲ ਵਿੱਚ ਨਸ਼ੇ ਦੀ ਕਥਿਤ ਵਿਕਰੀ ’ਤੇ ਰੋਕ ਨਾ ਲੱਗਣ ਦੇ ਰੋਸ ਵਜੋਂ ਇੱਕ ਵਿਅਕਤੀ ਵੱਲੋਂ ਸੰਗਰੂਰ ਦੇ ਡੀਸੀ ਦਫ਼ਤਰ ਵਿੱਚ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਪਛਾਣ ਜਗਸੀਰ ਸਿੰਘ ਵਜੋਂ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਪਹਿਲਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਥਿਤ ਤੌਰ ’ਤੇ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਸਬੰਧੀ ਸਰਪੰਚ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।
ਜਗਸੀਰ ਸਿੰਘ ਦੇ ਨਾਲ ਡੀਸੀ ਦਫ਼ਤਰ ਪਹੁੰਚੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਪਿੰਡ ਵਿੱਚ ਨਸ਼ੇ ਦੀ ਕਥਿਤ ਵਿਕਰੀ ਦੀ ਸ਼ਿਕਾਇਤ ਲੈ ਕੇ ਪ੍ਰਸ਼ਾਸਨ ਕੋਲ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਨਹੀਂ ਲੱਗਾ ਕਿ ਜਗਸੀਰ ਸਿੰਘ ਨੇ ਕਦੋਂ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮਨਜਿੰਦਰ ਸਿੰਘ ਮੁਤਾਬਕ ਜਗਸੀਰ ਸਿੰਘ ਨੇ ਸਲਫਾਸ ਖਾਣ ਦੀ ਗੱਲ ਕਹੀ ਹੈ। ਹਾਲਾਂਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਗਸੀਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲੀ ਸੀ ਅਤੇ ਡਾਕਟਰੀ ਜਾਂਚ ਦੌਰਾਨ ਫਰਨੈਲ ਪੀਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਸੰਗਰੂਰ ਸਿਟੀ ਦੇ ਐਸਐਚਓ ਮਨਪ੍ਰੀਤ ਸਿੰਘ ਵੀ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀ ਨੇ ਮਾਮਲੇ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਤਫ਼ਤੀਸ਼ ਤੋਂ ਬਾਅਦ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਸਕੇਗੀ।
