ਕੇਜਰੀਵਾਲ ਤੇ ਧੀ ਨੂੰ ਧਮਕੀ ਦੇਣ ਵਾਲਾ ਕਾਬੂ, ‘ਕੋਬਰਾ’ ਨੇ ਮੰਗੇ ਸਨ 7 ਕਰੋੜ
Arvind Kejriwal Threat Case; ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਰਿਆਣਾ ਦੇ ਰੋਹਤਕ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੋਮਲ ਉਰਫ਼ ਕੋਬਰਾ ਜੰਗੜਾ ਵਜੋਂ ਹੋਈ ਹੈ। ਸ਼ਨੀਵਾਰ (14 ਨਵੰਬਰ) ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
12 ਨਵੰਬਰ ਨੂੰ ਰੋਹਤਕ ਤੋਂ ਕੀਤਾ ਗ੍ਰਿਫ਼ਤਾਰ
ਕੋਮਲ ਦੇ ਭਰਾ ਤਿਲਕਰਾਜ ਮੁਤਾਬਕ, ਪੰਜਾਬ ਪੁਲਿਸ 12 ਨਵੰਬਰ ਨੂੰ ਉਸ ਨੂੰ ਰੋਹਤਕ ਦੀ ਸ਼ਾਸਤਰੀ ਕਾਲੋਨੀ ਤੋਂ ਆਪਣੇ ਨਾਲ ਲੈ ਗਈ ਸੀ। ਕੋਮਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਰਿਵਾਰ ਨੂੰ ਪਤਾ ਲੱਗਾ ਕਿ ਉਸ ’ਤੇ ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਦਾ ਦੋਸ਼ ਹੈ।
ਕੋਮਲ ਮੂਲ ਰੂਪ ਵਿੱਚ ਸਮਰਗੋਪਾਲਪੁਰ ਕਲਾਂ ਪਿੰਡ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰੋਹਤਕ ਦੀ ਅੰਮ੍ਰਿਤ ਕਾਲੋਨੀ ਵਿੱਚ ਰਹਿ ਰਿਹਾ ਸੀ। ਉਹ ਰੋਹਤਕ ਡੀਸੀ ਦਫ਼ਤਰ ਵਿੱਚ ਕਲਰਕ ਵਜੋਂ ਕੰਮ ਕਰਦਾ ਸੀ। ਕਰੀਬ ਛੇ ਮਹੀਨੇ ਪਹਿਲਾਂ ਡੀਸੀ ਵੱਲੋਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
7 ਕਰੋੜ ਰੁਪਏ ਮੰਗ ਕੇ ਕੇਜਰੀਵਾਲ ਤੇ ਧੀ ਨੂੰ ਧਮਕੀ
ਦਰਅਸਲ, ਦਿੱਲੀ ਦੇ ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ, 6 ਨਵੰਬਰ ਨੂੰ ਸ਼ਾਮ ਕਰੀਬ 6 ਵਜੇ ਉਨ੍ਹਾਂ ਦੇ ਮੋਬਾਈਲ ’ਤੇ ਇੱਕ ਅਣਜਾਣ ਨੰਬਰ ਤੋਂ ਫੋਨ ਅਤੇ ਵ੍ਹਟਸਐਪ ਸੁਨੇਹਾ ਆਇਆ ਸੀ।
ਸੁਨੇਹੇ ਵਿੱਚ 7 ਕਰੋੜ ਰੁਪਏ ਦੀ ਮੰਗ ਕਰਦਿਆਂ ਧਮਕੀ ਦਿੱਤੀ ਗਈ ਸੀ ਕਿ ਪੈਸੇ ਨਾ ਦੇਣ ’ਤੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਜਿਸ ਨੰਬਰ ਤੋਂ ਫੋਨ ਅਤੇ ਸੁਨੇਹਾ ਆਇਆ ਸੀ, ਉਹ ਕੋਮਲ ਦੇ ਨਾਂ ’ਤੇ ਰਜਿਸਟਰਡ ਦੱਸਿਆ ਜਾ ਰਿਹਾ ਹੈ।
ਪਹਿਲਾਂ ਸਿਹਤ ਵਿਭਾਗ ’ਚ ਕਰਦਾ ਸੀ ਨੌਕਰੀ
ਜਾਣਕਾਰੀ ਮੁਤਾਬਕ, ਕੋਮਲ ਜੰਗੜਾ ਪਹਿਲਾਂ ਕਰਨਾਲ ਦੇ ਸਿਹਤ ਵਿਭਾਗ ਵਿੱਚ ਕੰਮ ਕਰਦਾ ਸੀ, ਪਰ ਉਸ ਨੇ ਉੱਥੋਂ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਰੋਹਤਕ ਡੀਸੀ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਮਿਲੀ।
ਡੀਸੀ ਦਫ਼ਤਰ ਵਿੱਚ ਸਾਥੀ ਮੁਲਾਜ਼ਮਾਂ ਨਾਲ ਉਸ ਦੀ ਕਹਾਸੁਣੀ ਹੋ ਗਈ ਸੀ। ਇਸ ਮਾਮਲੇ ਵਿੱਚ ਡੀਸੀ ਨੇ ਉਸ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਸੀ, ਪਰ ਕੋਮਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਕਰੀਬ ਛੇ ਮਹੀਨੇ ਪਹਿਲਾਂ ਉਸ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਸੀ।