ਇੰਡੋਨੇਸ਼ੀਆ ’ਚ ਰੇਲਗੱਡੀ ਨਾਲ ਟਕਰਾ ਕੇ ਅੱਗ ਦਾ ਗੋਲਾ ਬਣੀ ਮਿੰਨੀ ਬੱਸ, ਡਰਾਈਵਰ ਦੀ ਮੌਤ
- ਟ੍ਰੇਨ ’ਚ ਸਵਾਰ ਸਾਰੇ 264 ਯਾਤਰੀ ਸੁਰੱਖਿਅਤ ਬਚਾਏ
- ਦੋ ਲੋਕੋ ਪਾਇਲਟਾਂ ਸਮੇਤ ਤਿੰਨ ਰੇਲਵੇ ਕਰਮਚਾਰੀ ਜ਼ਖ਼ਮੀ
ਨਵੀਂ ਦਿੱਲੀ: ਉੱਤਰੀ ਸੁਮਾਤਰਾ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਮੇਦਾਨ-ਪੇਮਾਤਾਂਗ ਸਿਆਂਤਾਰ ਰੂਟ ’ਤੇ ਚੱਲ ਰਹੀ ਸਿਆਂਤਾਰ ਐਕਸਪ੍ਰੈੱਸ ਟ੍ਰੇਨ ਦੀ ਬਿਨਾਂ ਫਾਟਕ ਵਾਲੇ ਰੇਲਵੇ ਕਰਾਸਿੰਗ ’ਤੇ ਮਿੰਨੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟ੍ਰੇਨ ਦੇ ਇੰਜਣ ਅਤੇ ਮਿੰਨੀ ਬੱਸ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਮਿੰਨੀ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਟ੍ਰੇਨ ਵਿੱਚ ਸਵਾਰ ਸਾਰੇ 264 ਯਾਤਰੀ ਸੁਰੱਖਿਅਤ ਰਹੇ।
ਰੇਲਵੇ ਅਧਿਕਾਰੀਆਂ ਮੁਤਾਬਕ ਟ੍ਰੇਨ ਸਿਆਂਤਾਰ ਸਟੇਸ਼ਨ ਤੋਂ ਮੇਦਾਨ ਵੱਲ ਜਾ ਰਹੀ ਸੀ। ਇਸ ਦੌਰਾਨ ਸਿਆਂਤਾਰ ਅਤੇ ਡੋਲੋਕ ਮੇਰਾਂਗੀਰ ਸਟੇਸ਼ਨਾਂ ਵਿਚਕਾਰ ਕਿਲੋਮੀਟਰ 38+7/6 ’ਤੇ ਇੱਕ ਮਿੰਨੀ ਬੱਸ ਬਿਨਾਂ ਸੁਰੱਖਿਆ ਫਾਟਕ ਵਾਲੇ ਰੇਲਵੇ ਕਰਾਸਿੰਗ ਤੋਂ ਲੰਘਣ ਲੱਗੀ। ਇਸੇ ਦੌਰਾਨ ਟ੍ਰੇਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਕਈ ਮੀਟਰ ਤੱਕ ਘੜੀਸਦੀ ਚਲੀ ਗਈ। ਹਾਦਸੇ ਤੋਂ ਬਾਅਦ ਟ੍ਰੇਨ ਦੇ ਇੰਜਣ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿੱਚ ਟ੍ਰੇਨ ਦੇ ਦੋ ਡਰਾਈਵਰਾਂ ਅਤੇ ਇੱਕ ਹੋਰ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ
ਰੇਲਵੇ ਕੰਪਨੀ ਕੇਏਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨ ਵਿੱਚ ਸਵਾਰ ਸਾਰੇ 264 ਯਾਤਰੀਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਅੱਗ ਸਿਰਫ਼ ਇੰਜਣ ਤੱਕ ਹੀ ਸੀਮਤ ਰਹੀ ਅਤੇ ਯਾਤਰੀ ਡੱਬਿਆਂ ਤੱਕ ਨਹੀਂ ਪਹੁੰਚੀ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸ਼ੁੱਕਰਵਾਰ ਦੇਰ ਰਾਤ ਤੱਕ ਇਲਾਕੇ ਵਿੱਚ ਕੂਲਿੰਗ ਦਾ ਕੰਮ ਜਾਰੀ ਸੀ।
ਰੇਲਵੇ ਟਰੈਕ ’ਤੇ ਆਵਾਜਾਈ ਠੱਪ
ਹਾਦਸੇ ਕਾਰਨ ਰੇਲਵੇ ਮਾਰਗ ’ਤੇ ਆਵਾਜਾਈ ਰੋਕ ਦਿੱਤੀ ਗਈ। ਰੇਲਵੇ ਅਧਿਕਾਰੀ ਨੁਕਸਾਨੇ ਗਏ ਉਪਕਰਨਾਂ ਨੂੰ ਹਟਾਉਣ ਅਤੇ ਟਰੈਕ ਦੀ ਮੁਰੰਮਤ ਕਰਕੇ ਸੇਵਾ ਬਹਾਲ ਕਰਨ ਵਿੱਚ ਜੁਟੇ ਹੋਏ ਹਨ। ਮੁੱਢਲੀ ਜਾਂਚ ਵਿੱਚ ਬਿਨਾਂ ਸੁਰੱਖਿਆ ਫਾਟਕ ਵਾਲੇ ਕਰਾਸਿੰਗ ਨੂੰ ਹਾਦਸੇ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।