ਨਾਬਾਲਗ ਨਾਲ ਜਬਰ-ਜਨਾਹ ਦਾ ਮਾਮਲਾ: ਦੋਸ਼ੀ ਨੂੰ 20 ਸਾਲ ਦੀ ਕੈਦ
Minor rape case: ਸੋਨੀਪਤ: ਸੋਨੀਪਤ ਵਿੱਚ ਨਾਬਾਲਗ ਕਿਸ਼ੋਰੀ ਨੂੰ ਕਥਿਤ ਤੌਰ ’ਤੇ ਵਰਗਲਾ ਕੇ ਭਜਾ ਲਿਜਾਣ ਅਤੇ ਉਸ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਫਾਸਟ ਟਰੈਕ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਫਾਸਟ ਟਰੈਕ ਕੋਰਟ ਦੇ ਜੱਜ ਨਰਿੰਦਰ ਦੀ ਅਦਾਲਤ ਨੇ ਦੋਸ਼ੀ ’ਤੇ ਕੁੱਲ 55 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਸਤੰਬਰ 2023 ਵਿੱਚ ਸਾਹਮਣੇ ਆਇਆ ਸੀ ਮਾਮਲਾ
ਮਾਮਲਾ ਗੋਹਾਨਾ ਸਦਰ ਥਾਣਾ ਖੇਤਰ ਨਾਲ ਸਬੰਧਤ ਹੈ। ਸਤੰਬਰ 2023 ਵਿੱਚ ਪੀੜਤਾ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਆਂਢ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਕਥਿਤ ਤੌਰ ’ਤੇ ਕਿਸ਼ੋਰੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਿਸ਼ੋਰੀ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਜਾਂਚ ਕ੍ਰਾਈਮ ਯੂਨਿਟ ਗੋਹਾਨਾ ਨੂੰ ਸੌਂਪੀ ਗਈ ਅਤੇ ਪੁਲਿਸ ਨੇ ਕਿਸ਼ੋਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਬਰਾਮਦ ਕਰ ਲਿਆ। ਬਰਾਮਦਗੀ ਤੋਂ ਬਾਅਦ ਕਿਸ਼ੋਰੀ ਦੀ ਕਾਊਂਸਲਿੰਗ ਕਰਵਾਈ ਗਈ ਅਤੇ ਅਦਾਲਤ ਵਿੱਚ ਉਸ ਦੇ ਬਿਆਨ ਦਰਜ ਕੀਤੇ ਗਏ। ਬਿਆਨਾਂ ਦੇ ਆਧਾਰ ’ਤੇ ਮਾਮਲੇ ਵਿੱਚ ਜਬਰ-ਜਨਾਹ ਅਤੇ POCSO ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।
ਸਬੂਤਾਂ ਦੇ ਆਧਾਰ ’ਤੇ ਅਦਾਲਤ ਦਾ ਫੈਸਲਾ
ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਅਦਾਲਤ ਸਾਹਮਣੇ ਗਵਾਹ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤ ਪੇਸ਼ ਕੀਤੇ ਗਏ। ਸਾਰੇ ਤੱਥਾਂ ਅਤੇ ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ। ਸਰਕਾਰੀ ਵਕੀਲ ਵਿਜੇਂਦਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ POCSO ਐਕਟ ਤਹਿਤ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ IPC ਦੀ ਧਾਰਾ 363 ਤਹਿਤ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ, ਜਦਕਿ ਧਾਰਾ 366-A ਤਹਿਤ 5 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ 9 ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਅਦਾਲਤ ਨੇ ਜਮ੍ਹਾਂ ਕਰਵਾਏ ਜਾਣ ਵਾਲੇ ਜੁਰਮਾਨੇ ਵਿੱਚੋਂ 40 ਹਜ਼ਾਰ ਰੁਪਏ ਪੀੜਤਾ ਨੂੰ ਦੇਣ ਦੇ ਵੀ ਹੁਕਮ ਦਿੱਤੇ ਹਨ।
