ਮੋਹਾਲੀ ਦੇ SP ਨੇ ਹਾਈ ਕੋਰਟ ’ਚ ਮੰਗੀ ਬਿਨਾਂ ਸ਼ਰਤ ਮੁਆਫ਼ੀ, ਪੜ੍ਹੋ ਕੀ ਹੈ ਮਾਮਲਾ ?
Mohali SP (Investigation) apologizes in High Court: ਮੋਹਾਲੀ: ਮੋਹਾਲੀ ਦੇ SP (ਇਨਵੈਸਟੀਗੇਸ਼ਨ) ਨੇ ਹਾਈ ਕੋਰਟ ’ਚ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ, ਦਰਅਸਲ ਮਾਮਲਾ ਹੈ ਕਿ ਇੱਕ ਮਾਲੇਰਕੋਟਲਾ ਵਾਸੀ ਨੂੰ ਲੁਧਿਆਣਾ ਵਾਸੀ ਵਿਅਕਤੀ ਖ਼ਿਲਾਫ਼ ਮਾਮਲੇ ਵਿੱਚ ਸੰਮਨ ਜਾਰੀ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਮਾਲੇਰਕੋਟਲਾ ਵਾਸੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸੁਣਵਾਈ ਦੌਰਾਨ ਮੋਹਾਲੀ ਦੇ SP (ਇਨਵੈਸਟੀਗੇਸ਼ਨ) ਨੇ ਅਦਾਲਤ ਅੱਗੇ ਬਿਨਾਂ ਸ਼ਰਤ ਮੁਆਫ਼ੀ ਮੰਗੀ। ਜਸਟਿਸ ਅਲੋਕ ਜੈਨ ਨੇ ਮਾਮਲੇ ਦਾ ਨਿਪਟਾਰਾ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਦੌਰਾਨ ਹੋਰ ਚੌਕਸ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
ਹਾਈ ਕੋਰਟ ਨੇ ਸੰਮਨ ਜਾਰੀ ਕਰਨ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਵਾਲ ਉਠਾਇਆ ਕਿ ਮਾਲੇਰਕੋਟਲਾ ਵਿੱਚ ਰਹਿਣ ਵਾਲੇ ਸ਼ਿਕਾਇਤਕਰਤਾ ਨੂੰ ਮੋਹਾਲੀ ਪੁਲਿਸ ਵੱਲੋਂ ਨੋਟਿਸ ਕਿਵੇਂ ਜਾਰੀ ਕੀਤਾ ਗਿਆ, ਜਦਕਿ ਸ਼ਿਕਾਇਤ ਲੁਧਿਆਣਾ ਵਾਸੀ ਵਿਅਕਤੀ ਖ਼ਿਲਾਫ਼ ਸੀ।
ਪਟੀਸ਼ਨਰ ਨੇ ਆਪਣੀ ਜਾਨ ਅਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕਰਦਿਆਂ ਖਦਸ਼ਾ ਜਤਾਇਆ ਸੀ ਕਿ ਉਸ ਨੂੰ ਫੌਜਦਾਰੀ ਮਾਮਲੇ ਵਿੱਚ ਕਥਿਤ ਤੌਰ ’ਤੇ ਝੂਠਾ ਫਸਾਇਆ ਜਾ ਸਕਦਾ ਹੈ। ਉਸ ਨੇ ਲੁਧਿਆਣਾ ਵਾਸੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮੋਹਾਲੀ ਪੁਲਿਸ ਵੱਲੋਂ ਜਾਰੀ ਸੰਮਨ ਨੂੰ ਵੀ ਚੁਣੌਤੀ ਦਿੱਤੀ ਸੀ।
SP (ਇਨਵੈਸਟੀਗੇਸ਼ਨ) ਵੱਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਭਵਿੱਖ ਵਿੱਚ ਵਧੇਰੇ ਸਾਵਧਾਨੀ ਵਰਤਣ ਦੀ ਹਦਾਇਤ ਤੋਂ ਬਾਅਦ ਜਸਟਿਸ ਅਲੋਕ ਜੈਨ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।