Mulayam Singh Yadav’s Son Death: ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਪ੍ਰਤੀਕ ਯਾਦਵ ਦਾ ਹੋਇਆ ਦੇਹਾਂਤ
Mulayam Singh Yadav’s Son Death: ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਮਤਰੇਏ ਭਰਾ ਪ੍ਰਤੀਕ ਯਾਦਵ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। 38 ਸਾਲਾ ਪ੍ਰਤੀਕ ਯਾਦਵ ਨੇ ਲਖਨਊ ਦੇ ਇੱਕ ਸਿਵਲ ਹਸਪਤਾਲ ਵਿੱਚ ਆਖਰੀ ਸਾਹ ਲਏ। ਪਰਿਵਾਰਕ ਸੂਤਰਾਂ ਅਨੁਸਾਰ, ਬੁੱਧਵਾਰ ਸਵੇਰੇ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਤੀਕ ਯਾਦਵ ਆਪਣੀ ਫਿਟਨੈੱਸ ਅਤੇ ਸਿਹਤ ਪ੍ਰਤੀ ਜਾਗਰੂਕਤਾ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਆਪਣੇ ਆਪ ਨੂੰ ਸਰਗਰਮ ਰਾਜਨੀਤੀ ਤੋਂ ਦੂਰ ਰੱਖਿਆ ਸੀ। ਭਾਵੇਂ ਉਹ ਸਿਆਸੀ ਮੰਚਾਂ ‘ਤੇ ਨਜ਼ਰ ਨਹੀਂ ਆਉਂਦੇ ਸਨ, ਪਰ ਯਾਦਵ ਪਰਿਵਾਰ ਦੇ ਅਹਿਮ ਮੈਂਬਰ ਹੋਣ ਨਾਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਤੀਕ ਯਾਦਵ ਦੀ ਪਤਨੀ ਅਪਰਨਾ ਬਿਸ਼ਟ ਯਾਦਵ ਰਾਜਨੀਤੀ ਵਿੱਚ ਸਰਗਰਮ ਹਨ। ਉਹ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ ਅਤੇ ਮੌਜੂਦਾ ਸਮੇਂ ਵਿੱਚ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰਤੀਕ ਦੇ ਅਚਾਨਕ ਚਲੇ ਜਾਣ ਨਾਲ ਸਮਾਜਵਾਦੀ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ।