ਨੇਪਾਲ ਹੜ੍ਹਾਂ ਮਗਰੋਂ ਬਚਾਏ ਗਏ 166 ਭਾਰਤੀ, 275 ਅਜੇ ਵੀ ਲਾਪਤਾ: ਵਿਦੇਸ਼ ਮੰਤਰਾਲਾ
Nepal floods: 166 Indians rescued: ਨਵੀਂ ਦਿੱਲੀ: ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਤੱਕ 166 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ, ਜਦਕਿ 275 ਭਾਰਤੀ ਅਜੇ ਵੀ ਲਾਪਤਾ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਇਸ ਮਾਮਲੇ ਨੂੰ ਲੈ ਕੇ ਨੇਪਾਲ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹੈ। ਜੈਸਵਾਲ ਨੇ ਦੱਸਿਆ ਕਿ ਮੰਤਰਾਲਾ ਬਚਾਏ ਗਏ ਭਾਰਤੀ ਨਾਗਰਿਕਾਂ ਦੇ ਨਾਮ ਨਿਯਮਿਤ ਤੌਰ ’ਤੇ ਜਾਰੀ ਕਰ ਰਿਹਾ ਹੈ। ਉਨ੍ਹਾਂ ਮੁਤਾਬਕ 1,907 ਭਾਰਤੀ ਨਾਗਰਿਕ ਸੁਰੱਖਿਅਤ ਹਨ ਅਤੇ ਚੀਨ ਤੋਂ ਨੇਪਾਲ ਵਿੱਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੀਨ ਦੇ ਤਿੱਬਤੀ ਆਟੋਨੋਮਸ ਖੇਤਰ ਵਿੱਚ ਕੋਈ ਵੀ ਭਾਰਤੀ ਯਾਤਰੀ ਫਸਿਆ ਨਹੀਂ ਹੈ। ਪਰ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1344 ਤੋਂ ਪਾਰ ਹੋ ਗਈ ਹੈ।
ਨੇਪਾਲ ਨੂੰ ਹੋਰ ਰਾਹਤ ਸਮੱਗਰੀ ਭੇਜੇਗਾ ਭਾਰਤ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਹੜ੍ਹਾਂ ਨਾਲ ਪ੍ਰਭਾਵਿਤ ਨੇਪਾਲ ਦੀ ਮਦਦ ਜਾਰੀ ਰੱਖੇਗਾ। ਜੈਸਵਾਲ ਮੁਤਾਬਕ ਨੇਪਾਲ ਸਰਕਾਰ ਦੀ ਲੋੜ ਅਤੇ ਮੰਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਫੋਰੈਂਸਿਕ ਕਿੱਟਾਂ, ਬੇਲੀ ਬ੍ਰਿਜ ਅਤੇ ਹੋਰ ਜ਼ਰੂਰੀ ਸਮੱਗਰੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
