ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
- NCR ਦੇ 4 ਜ਼ਿਲ੍ਹਿਆਂ ’ਚ ANPR ਕੈਮਰੇ ਲੱਗਣਗੇ
No Petrol or Diesel to Old vehicles in Haryana: ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਨਿਰਧਾਰਤ ਕਾਨੂੰਨੀ ਉਮਰ ਪੂਰੀ ਕਰ ਚੁੱਕੀਆਂ ਪੁਰਾਣੀਆਂ ਗੱਡੀਆਂ ਖ਼ਿਲਾਫ਼ ਸਖ਼ਤੀ ਦੀ ਤਿਆਰੀ ਕਰ ਲਈ ਹੈ। 1 ਅਕਤੂਬਰ 2026 ਤੋਂ NCR ਦੇ ਚਾਰ ਜ਼ਿਲ੍ਹਿਆਂ ਵਿੱਚ End-of-Life Vehicles (ELV) ਨੂੰ ਪੈਟਰੋਲ-ਡੀਜ਼ਲ ਦੇਣ ’ਤੇ ਰੋਕ ਲਗਾਈ ਜਾਵੇਗੀ। ਇਸ ਲਈ ਪੈਟਰੋਲ ਪੰਪਾਂ ’ਤੇ ANPR (Automated Number Plate Recognition) ਕੈਮਰੇ ਲਗਾਏ ਜਾ ਰਹੇ ਹਨ। ਕੈਮਰੇ ਗੱਡੀਆਂ ਦੀ ਨੰਬਰ ਪਲੇਟ ਸਕੈਨ ਕਰਕੇ ਇਹ ਪਛਾਣ ਕਰਨਗੇ ਕਿ ਵਾਹਨ ਆਪਣੀ ਨਿਰਧਾਰਤ ਕਾਨੂੰਨੀ ਉਮਰ ਪੂਰੀ ਕਰ ਚੁੱਕਾ ਹੈ ਜਾਂ ਨਹੀਂ।
ਪਹਿਲੇ ਪੜਾਅ ਵਿੱਚ NCR ਦੇ ਚਾਰ ਜ਼ਿਲ੍ਹਿਆਂ ਵਿੱਚ 775 ANPR ਕੈਮਰੇ ਲਗਾਏ ਜਾਣਗੇ। ਇਨ੍ਹਾਂ ਵਿੱਚ ਗੁਰੂਗ੍ਰਾਮ ਵਿੱਚ 249, ਸੋਨੀਪਤ ਵਿੱਚ 215, ਝੱਜਰ ਵਿੱਚ 195 ਅਤੇ ਫਰੀਦਾਬਾਦ ਵਿੱਚ 116 ਕੈਮਰੇ ਸ਼ਾਮਲ ਹਨ। ਇਸ ਪ੍ਰਾਜੈਕਟ ’ਤੇ ਕਰੀਬ 41.7 ਕਰੋੜ ਰੁਪਏ ਖਰਚ ਹੋਣਗੇ।
30 ਸਤੰਬਰ ਤੱਕ ਕੈਮਰੇ ਲਗਾਉਣ ਦੀ ਡੈੱਡਲਾਈਨ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਮੁਤਾਬਕ, ANPR ਕੈਮਰੇ ਲਗਾਉਣ ਦਾ ਕੰਮ 30 ਸਤੰਬਰ 2026 ਤੱਕ ਪੂਰਾ ਕਰਨ ਦੀ ਡੈੱਡਲਾਈਨ ਰੱਖੀ ਗਈ ਹੈ। ਇਸ ਤੋਂ ਅਗਲੇ ਦਿਨ, ਯਾਨੀ 1 ਅਕਤੂਬਰ ਤੋਂ, ਨਿਰਧਾਰਤ ਉਮਰ ਪੂਰੀ ਕਰ ਚੁੱਕੀਆਂ ਹਰਿਆਣਾ ਵਿੱਚ ਰਜਿਸਟਰਡ ELV ਗੱਡੀਆਂ ਨੂੰ ਫਿਊਲ ਦੇਣ ’ਤੇ ਰੋਕ ਲਾਗੂ ਹੋਵੇਗੀ।
ਇਹ ਕਾਰਵਾਈ CAQM (Commission for Air Quality Management) ਦੇ ਨਿਰਦੇਸ਼ਾਂ ਤਹਿਤ ਕੀਤੀ ਜਾ ਰਹੀ ਹੈ। ਸਰਕਾਰ ਦਾ ਉਦੇਸ਼ ਪੁਰਾਣੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਵਾਤਾਵਰਣ ਸਬੰਧੀ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ।
ਸਰਕਾਰ ਦੀ ਅੱਗੇ ਦੀ ਯੋਜਨਾ ਪੂਰੇ ਹਰਿਆਣਾ ਵਿੱਚ ਕਰੀਬ 2,780 ANPR ਕੈਮਰੇ ਲਗਾਉਣ ਦੀ ਹੈ। ਇਨ੍ਹਾਂ ਨੂੰ ਫਿਊਲ ਸਪਲਾਈ ਪੁਆਇੰਟਸ ਨਾਲ ਜੋੜਿਆ ਜਾਵੇਗਾ, ਜਿਸ ਨਾਲ ਗੱਡੀਆਂ ਦੀ ਪਛਾਣ ਆਪਣੇ ਆਪ ਹੋ ਸਕੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇਗੀ।
