ਗੁਰਦਾਸਪੁਰ ਦੇ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ
ਗੁਰਦਾਸਪੁਰ ਦੇ ਪਿੰਡ ਦਬੂੜੀ ਦੇ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਪਿੰਡ ਦਬੂੜੀ ਵਿਖੇ ਸਥਿਤ ਨਵੋਦਿਆ ਸਕੂਲ ਵਿੱਚ ਹੜ੍ਹ ਕਾਰਨ ਲਗਭਗ 200 ਬੱਚੇ ਫਸੇ ਹੋਏ ਹਨ। ਬੱਚਿਆਂ ਦੀ ਸੁਰੱਖਿਆ ਲਈ NDRF ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਰੈਸਕਿਊ ਅਭਿਆਨ ਜਾਰੀ ਹੈ। ਟੀਮਾਂ ਵੱਲੋਂ ਬੱਚਿਆਂ ਨੂੰ ਇੱਕ-ਇੱਕ ਕਰਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਸਾਰੀ ਕਾਰਵਾਈ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਵੀਡੀਓ ਰਾਹੀਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਬੱਚਿਆਂ ਦੇ ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦਰਅਸਲ ਰਾਵੀ ਨਦੀ ਦਾ ਪਾਣੀ ਕੰਢਿਆਂ ਨੂੰ ਪਾਰ ਕਰਕੇ ਲਗਭਗ 9 ਕਿਲੋਮੀਟਰ ਦੂਰ ਪਹੁੰਚ ਗਿਆ ਹੈ ਅਤੇ ਇਹ ਪਾਣੀ ਤੇਜ਼ੀ ਨਾਲ ਕਲਾਨੌਰ ਵੱਲ ਵਧ ਰਿਹਾ ਹੈ, ਜਿਸ ਕਾਰਨ ਨੇੜਲੇ ਸਾਰੇ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਰਹੇ ਹਨ। ਜਵਾਹਰ ਨਵੋਦਿਆ ਵਿਦਿਆਲਿਆ ਦਬੁੜੀ ਰਸਤੇ ਵਿੱਚ ਸਥਿਤ ਹੈ ਅਤੇ ਕਈ ਹੋਰ ਪਿੰਡ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਲਗਭਗ ਪੰਜ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਸਕੂਲ ਵਿੱਚ ਵੱਖ-ਵੱਖ ਜਮਾਤਾਂ ਦੇ ਕੁੱਲ 400 ਵਿਦਿਆਰਥੀ ਫਸੇ ਹੋਏ ਹਨ ਜੋ ਹੋਸਟਲ ਵਿੱਚ ਰਹਿ ਰਹੇ ਸਨ। ਇਸ ਦੇ ਨਾਲ ਹੀ ਸਕੂਲ ਦੇ 40 ਅਧਿਆਪਕ ਅਤੇ ਸਟਾਫ਼ ਅਤੇ ਉਹ ਖੁਦ ਵੀ ਸਕੂਲ ਵਿੱਚ ਫਸ ਗਏ ਹਨ। ਪ੍ਰਸ਼ਾਸਨ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ। ਗੁਰਦਾਸਪੁਰ ਵਿੱਚ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧ ਗਿਆ, ਜਿਸ ਨਾਲ ਪਿੰਡ ਅਤੇ ਘਰ ਡੁੱਬ ਗਏ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੋ ਦਿਨਾਂ ਦੀ ਬਾਰਿਸ਼ ਕਾਰਨ ਦਰਿਆ ਹੜ੍ਹਾਂ ਦੀ ਮਾਰ ਹੇਠ ਹੈ। ਦੀਨਾਨਗਰ ਦੇ ਪਿੰਡ ਸਰਹਦੀ ਕਾਹਨਾ ਵਿਖੇ ਸੋਮਵਾਰ ਸ਼ਾਮ 6:30 ਵਜੇ ਇੱਕ ਸਪੁਰ ਬੰਨ੍ਹ ਵਿੱਚ ਪਾੜ ਪੈ ਗਿਆ, ਜਿਸ ਤੋਂ ਬਾਅਦ ਅੱਜ ਸਵੇਰੇ 3 ਵਜੇ ਤੱਕ ਪਾਣੀ ਪਿੰਡ ਵਿੱਚ ਦਾਖਲ ਹੋ ਗਿਆ।