ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਪਾਬੰਦੀ 24 ਨਵੰਬਰ ਤੱਕ ਵਧਾਈ
Pakistan Airspace Ban; ਪਾਕਿਸਤਾਨ ਨੇ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ ਅਤੇ ਭਾਰਤੀ ਏਅਰਲਾਈਨਾਂ ਦੀ ਮਲਕੀਅਤ ਵਾਲੇ, ਉਨ੍ਹਾਂ ਵੱਲੋਂ ਸੰਚਾਲਿਤ ਜਾਂ ਲੀਜ਼ ’ਤੇ ਲਏ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ। ਪਾਕਿਸਤਾਨ ਏਅਰਪੋਰਟ ਅਥਾਰਟੀ ਮੁਤਾਬਕ, ਹੁਣ ਇਹ ਪਾਬੰਦੀ 24 ਨਵੰਬਰ 2026 ਤੱਕ ਲਾਗੂ ਰਹੇਗੀ।
ਇਹ ਪਾਬੰਦੀ ਪਹਿਲੀ ਵਾਰ 23 ਅਪ੍ਰੈਲ 2025 ਨੂੰ ਲਗਾਈ ਗਈ ਸੀ। ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਮੱਦੇਨਜ਼ਰ ਇਸ ਨੂੰ ਸਮੇਂ-ਸਮੇਂ ’ਤੇ ਵਧਾਇਆ ਜਾਂਦਾ ਰਿਹਾ ਹੈ।
ਏਅਰਮੈਨ ਲਈ ਤਾਜ਼ਾ ਨੋਟਿਸ ਜਾਰੀ
ਪਾਕਿਸਤਾਨ ਏਅਰਪੋਰਟ ਅਥਾਰਟੀ (PAA) ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਰਾਹੀਂ ਪਾਬੰਦੀ ਵਧਾਉਣ ਦਾ ਐਲਾਨ ਕੀਤਾ। ਅਥਾਰਟੀ ਨੇ ਦੱਸਿਆ ਕਿ ਇਹ ਪਾਬੰਦੀ ਫ਼ੌਜੀ ਉਡਾਣਾਂ ’ਤੇ ਵੀ ਲਾਗੂ ਹੁੰਦੀ ਹੈ।
ਤਾਜ਼ਾ ਨੋਟਿਸ ਅਨੁਸਾਰ, ਇਹ ਪਾਬੰਦੀ 24 ਨਵੰਬਰ 2026 ਨੂੰ ਸਵੇਰੇ 4:59 ਵਜੇ ਤੱਕ ਲਾਗੂ ਰਹੇਗੀ। ‘ਜੀਓ ਨਿਊਜ਼’ ਦੀ ਰਿਪੋਰਟ ਮੁਤਾਬਕ, ਪੀਏਏ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਬੰਦੀ ਨੂੰ ਅੱਗੇ ਵਧਾਉਣ ਲਈ ਏਅਰਮੈਨ ਨੂੰ ਨਵਾਂ ਨੋਟਿਸ (NOTAM) ਜਾਰੀ ਕੀਤਾ ਗਿਆ ਹੈ।
ਕਰਾਚੀ ਅਤੇ ਲਾਹੌਰ ਦੇ ਹਵਾਈ ਖੇਤਰ ’ਚ ਵੀ ਲਾਗੂ ਪਾਬੰਦੀ
ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਦੇ 2022 ਦੇ ਦਸਤਾਵੇਜ਼ ਮੁਤਾਬਕ, ਪਾਕਿਸਤਾਨ ਦੇ ਹਵਾਈ ਖੇਤਰ ਨੂੰ ਦੋ ਫਲਾਈਟ ਇਨਫਰਮੇਸ਼ਨ ਖੇਤਰਾਂ (FIRs) ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਕਰਾਚੀ ਅਤੇ ਲਾਹੌਰ ਸ਼ਾਮਲ ਹਨ। ਤਾਜ਼ਾ ਨੋਟਿਸ ਦੋਵਾਂ ਖੇਤਰਾਂ ’ਤੇ ਲਾਗੂ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 2025 ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਇੱਕ-ਦੂਜੇ ਦੇ ਜਹਾਜ਼ਾਂ ਲਈ ਹਵਾਈ ਖੇਤਰ ਸਬੰਧੀ ਪਾਬੰਦੀਆਂ ਲਗਾਈਆਂ ਸਨ।
ਪਹਿਲਗਾਮ ਹਮਲੇ ਤੋਂ ਬਾਅਦ ਵਧਿਆ ਸੀ ਤਣਾਅ
ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਹੋਣ ਦਾ ਦੋਸ਼ ਭਾਰਤ ਨੇ ਲਗਾਇਆ ਸੀ, ਜਦਕਿ ਇਸਲਾਮਾਬਾਦ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਅਤੇ ਫ਼ੌਜੀ ਤਣਾਅ ਵਧ ਗਿਆ ਸੀ।
ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਦੇ ਕਦਮ ਦੇ ਜਵਾਬ ਵਿੱਚ ਭਾਰਤ ਨੇ ਵੀ 30 ਅਪ੍ਰੈਲ 2025 ਨੂੰ ਪਾਕਿਸਤਾਨੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਹਵਾਈ ਪਾਬੰਦੀਆਂ ਨੂੰ ਵਾਰ-ਵਾਰ ਵਧਾਇਆ ਜਾਣਾ ਤਣਾਅਪੂਰਨ ਸਬੰਧਾਂ ਨੂੰ ਦਰਸਾਉਂਦਾ ਹੈ।