ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਪਰਗਟ ਸਿੰਘ
- ਸਚਿਨ ਪਾਇਲਟ ਕਾਰ ਚਲਾਉਂਦੇ ਨਜ਼ਰ ਆਏ
- ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
Pargat Singh arrivs Punjab after becoming Congress President: ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਵੀਰਵਾਰ ਨੂੰ ਪਹਿਲੀ ਵਾਰ ਪੰਜਾਬ ਪਹੁੰਚੇ। 3 ਅਕਤੂਬਰ ਨੂੰ ਉਨ੍ਹਾਂ ਨੂੰ ਰਾਜਾ ਵੜਿੰਗ ਦੀ ਥਾਂ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ ਸੀ। ਪਰਗਟ ਸਿੰਘ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਸਵੇਰੇ ਕਰੀਬ 9 ਵਜੇ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ। ਇੱਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸਿੱਧੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਸਚਿਨ ਪਾਇਲਟ ਉਨ੍ਹਾਂ ਦੀ ਕਾਰ ਚਲਾਉਂਦੇ ਨਜ਼ਰ ਆਏ।
ਪਰਗਟ ਸਿੰਘ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ, “ਅੱਜ ਰਾਜਨੀਤੀ ਦਾ ਦਿਨ ਨਹੀਂ ਹੈ। ਮੈਂ ਰਾਜਨੀਤੀ ਜ਼ਰੂਰ ਕਰਾਂਗਾ, ਪਰ ਇੱਕ-ਦੋ ਦਿਨ ਬਾਅਦ।”
ਜਾਰੀ ਕੀਤੇ ਪ੍ਰੋਗਰਾਮ ਮੁਤਾਬਕ ਪਰਗਟ ਸਿੰਘ ਅੰਮ੍ਰਿਤਸਰ ਵਿੱਚ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨਾਂ ’ਤੇ ਵੀ ਨਤਮਸਤਕ ਹੋਣਗੇ। ਇਸ ਤੋਂ ਬਾਅਦ ਮੋਹਾਲੀ ਵਿੱਚ ਕਾਂਗਰਸ ਲੀਡਰਸ਼ਿਪ ਨਾਲ ਮੀਟਿੰਗ ਕਰਨ ਦੀ ਸੰਭਾਵਨਾ ਹੈ। ਅਗਲੇ ਦਿਨ ਉਨ੍ਹਾਂ ਦੇ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੂਰਨੀ ਦਰਬਾਰ ਵਿਖੇ ਮੱਥਾ ਟੇਕਣ ਦਾ ਵੀ ਪ੍ਰੋਗਰਾਮ ਹੈ। ਸਚਿਨ ਪਾਇਲਟ ਦੇ ਅਗਲੇ ਦੌਰੇ ਦਾ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
ਪੰਜਾਬ ਪਰਤਣ ਤੋਂ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਵਿੱਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਵੀ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਆਗੂਆਂ ਦੀ ਆਪਣੀ-ਆਪਣੀ ਰਾਏ ਹੋ ਸਕਦੀ ਹੈ ਅਤੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਇਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ।
