ਭਾਜਪਾ ਵਿੱਚ ਸ਼ਾਮਲ ਹੋਏ ਪਠਾਨਮਾਜਰਾ ਤੇ ਜੌੜਾਮਾਜਰਾ ਨੇ ਕੌਮੀ ਪ੍ਰਧਾਨ ਨਿਤਿਨ ਨਵੀਨ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: ਭਾਜਪਾ ਵਿੱਚ ਸ਼ਾਮਲ ਹੋਏ ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ।
ਮੁਲਾਕਾਤ ਤੋਂ ਬਾਅਦ ਹਰਮੀਤ ਸਿੰਘ ਪਠਾਨਮਾਜਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ ਅਤੇ ਕੁਝ ਮੰਗਾਂ ’ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP), ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਪੰਜਾਬ ਦੇ ਖਰਚਿਆਂ ਦੀ ਮੁਆਫ਼ੀ ਅਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਵਰਗੇ ਮੁੱਦੇ ਚੁੱਕੇ ਗਏ ਹਨ।
ਭਾਜਪਾ ਦੀ ਟਿਕਟ ’ਤੇ ਚੋਣ ਲੜਨ ਬਾਰੇ ਕੀ ਕਿਹਾ ?
ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਪਠਾਨਮਾਜਰਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀਆਂ ਟਿਕਟਾਂ ਪੱਕੀਆਂ ਮਿਲਣਗੀਆਂ। ਹਾਲਾਂਕਿ, ਜੇਕਰ ਪਾਰਟੀ ਦੀ ਨੀਤੀ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਇਸ ਬਾਰੇ ਚਰਚਾ ਹੋ ਸਕਦੀ ਹੈ।
‘ਚੋਣਾਂ ਵਿੱਚ ਪਤਾ ਲੱਗ ਜਾਵੇਗਾ ਕਿਸ ਵਿੱਚ ਕਿੰਨਾ ਦਮ ਹੈ’
ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਪਠਾਨਮਾਜਰਾ ਨੇ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਕੋਈ ਦਮ ਨਹੀਂ ਹੈ ਤਾਂ ‘ਆਪ’ ਦੇ ਆਗੂ ਅਤੇ ਬੁਲਾਰੇ ਉਨ੍ਹਾਂ ਬਾਰੇ ਲਗਾਤਾਰ ਬਿਆਨ ਕਿਉਂ ਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੱਕ ਨੂੰ ਇਸ ਮੁੱਦੇ ’ਤੇ ਬੋਲਣ ਲਈ ਕਿਉਂ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਮਿਲ ਜਾਵੇਗਾ ਅਤੇ ਉਦੋਂ ਪਤਾ ਲੱਗੇਗਾ ਕਿ ਕਿਸ ਵਿੱਚ ਕਿੰਨਾ ਦਮ ਹੈ।