ਰਾਜਸਥਾਨ ’ਚ ਰੇਲਵੇ ਟਰੈਕ ’ਤੇ ਜ਼ੋਰਦਾਰ ਧਮਾਕਾ, ਟਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ
ਸ੍ਰੀਗੰਗਾਨਗਰ: ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ ’ਤੇ ਮੰਗਲਵਾਰ ਨੂੰ ਜ਼ੋਰਦਾਰ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਧਮਾਕੇ ਕਾਰਨ ਰੇਲਵੇ ਪਟੜੀ ਹੇਠਾਂ ਲੱਗੇ ਸੀਮੈਂਟ ਦੇ 2 ਤੋਂ 3 ਸਲੀਪਰ ਨੁਕਸਾਨੇ ਗਏ। ਮੁੱਢਲੀ ਜਾਣਕਾਰੀ ਮੁਤਾਬਕ, ਅਨੂਪਗੜ੍ਹ ਤੋਂ ਬਠਿੰਡਾ ਜਾ ਰਹੀ ਰੇਲਗੱਡੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਹ ਧਮਾਕਾ ਪਿੰਡ 50 ਜੀਬੀ ਨੇੜੇ ਉਸ ਸਮੇਂ ਹੋਇਆ, ਜਦੋਂ ਅਨੂਪਗੜ੍ਹ ਤੋਂ ਸੂਰਤਗੜ੍ਹ ਵੱਲ ਜਾ ਰਹੀ ਰੇਲਗੱਡੀ ਉੱਥੋਂ ਲੰਘ ਚੁੱਕੀ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੀਮੈਂਟ ਦੇ ਸਲੀਪਰਾਂ ਅੰਦਰ ਲੱਗੇ ਲੋਹੇ ਦੇ ਸਰੀਏ ਬਾਹਰ ਨਿਕਲ ਆਏ ਅਤੇ ਰੇਲਵੇ ਲਾਈਨ ਦੇ ਕਲਿੱਪ ਵੀ ਪਟੜੀ ਤੋਂ ਵੱਖ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸ੍ਰੀਗੰਗਾਨਗਰ ਦੇ ਐੱਸਪੀ ਹਰੀਸ਼ੰਕਰ ਮੌਕੇ ’ਤੇ ਪਹੁੰਚ ਗਏ। ਇਸ ਤੋਂ ਇਲਾਵਾ ATS, FSL ਅਤੇ ਹੋਰ ਜਾਂਚ ਏਜੰਸੀਆਂ ਦੀਆਂ ਟੀਮਾਂ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
FSL ਟੀਮ ਨੇ ਘਟਨਾ ਵਾਲੇ ਇਲਾਕੇ ਦੀ ਘੇਰਾਬੰਦੀ ਕਰਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੌਕੇ ’ਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਵੱਲੋਂ ਧਮਾਕੇ ਦੇ ਕਾਰਨਾਂ ਅਤੇ ਇਸ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਸਮੇਤ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।