ਮਜੀਠਾ ‘ਚ ਪੈਟਰੋਲ ਪੰਪ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਪੁਲਿਸ ਨਾਲ ਹੋਇਆ ਮੁਕਾਬਲਾ
Punjab News: ਪਿਛਲੇ ਦਿਨੀ ਆਕਾਲੀ ਆਗੂ ਜੋਧ ਸਿੰਘ ਸਮਰਾ ਦੇ ਕਲੇਰ ਮਾਂਗਟ ਪੈਟਰੋਲ ਪੰਪ ‘ਤੇ ਹੋਏ ਹਮਲੇ ਦੌਰਾਨ ਇੱਕ ਕਰਿੰਦੇ ਦੀ ਮੋਤ ਤੇ ਇੱਕ ਜਖਮੀ ਹੋ ਗਿਆ ਸੀ। ਹਮਲਾ ਕਰਨ ਵਾਲੇ ਹਮਲਾਵਰਾਂ ਦਾ ਪੁਲਿਸ ਵਲੋ ਬੜੀ ਮੁਸਤੈਦੀ ਨਾਲ ਪਿਛਾ ਕੀਤਾ ਜਾ ਰਿਹਾ ਸੀ। ਆਖਰਕਾਰ ਮਜੀਠਾ ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਹਮਲਾਵਰਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਮਜੀਠਾ ਅਮਲੋਕ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਮਜੀਠਾ ਪ੍ਰਭਜੀਤ ਸਿੰਘ ਨੂੰ ਪੱਕੀ ਇਤਲਾਹ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀ ਇਲਾਕੇ ਵਿਚ ਕੋਈ ਵਾਰਦਾਤ ਕਰਨ ਦੀ ਫਿਰਾਕ ਵਿਚ ਹਨ ਜਿਸ ਤੇ ਐਸ.ਐਚ.ਓ ਦੀ ਅਗਵਾਈ ਵਿਚ ਭੰਗਾਲੀ ਕਲਾਂ ਪੁਲ ਨਹਿਰ ਤੇ ਪੁਲਿਸ ਨੇ ਸਖਤ ਨਾਕਾਬੰਦੀ ਕੀਤੀ ਤੇ ਇੱਕ ਪਲਸਰ ਮੋਟਰ ਸਾਈਕਲ ਤੇ ਦੋ ਨੋਜਵਾਨ ਆਉਂਦੇ ਦਿਖੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਰੁਕਣ ਦੀ ਬਜਾਏ ਅੱਗੋਂ ਪੁਲਿਸ ਤੇ ਹੀ ਗੋਲੀ ਚਲਾ ਦਿੱਤੀ ਇਸ ਦੌਰਾਨ ਪੁਲਿਸ ਨੇ ਵੀ ਗੋਲੀ ਚਲਾਈ ਤੇ ਜਵਾਬੀ ਫਾਇਰਿੰਗ ਦੌਰਾਨ ਮੋਟਰ ਸਾਈਕਲ ਸਵਾਰ ਦੋਵੇ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ।
ਮੁੱਢਲੀ ਪੁਛਗਿੱਛ ਦੌਰਾਨ ਇੰਨ੍ਹਾਂ ਦੀ ਸਨਾਂਖਤ ਆਕਾਸਦੀਪ ਸਿੰਘ ਉਰਫ ਬੂਟਾ ਅਤੇ ਦੂਸਰਾ ਅਰਸ਼ਦੀਪ ਸਿੰਘ ਉਰਫ ਰਘੂ ਦੋਂਵੇਂ ਵਾਸੀ ਨੁਸ਼ਹਿਰਾ ਨੰਗਲੀ ਵਜੋ ਹੋਈ। ਇੰਨਾਂ ਦੀ ਤਲਾਸ਼ੀ ਦੌਰਾਨ ਇੰਨਾਂ ਕੋਲੋ 2 ਕੰਟਰੀ ਮੇਡ ਪਿਸਤੌਲ ਬਰਾਮਦ ਹੋਏ ਤੇ ਨਾਲ ਹੀ ਪਲਸਰ ਮੋਟਰ ਸਾਈਕਲ ਵੀ। ਮੁੱਢਲੀ ਪੁੱਛਗਿੱਛ ਦੌਰਾਨ ਦੋਹਾਂ ਨੇ ਕਲੇਰ ਮਾਂਗਟ ਪੈਟਰੋਲ ਪੰਪ ਦੀ ਵਾਰਦਾਤ ਕਰਨਾ ਵੀ ਮੰਨਿਆ ਹੈ। ਇਸ ਦੌਰਾਨ ਦੋਹਾਂ ਨੂੰ ਜਖ਼ਮੀ ਹਾਲਤ ਵਿੱਚ ਮਜੀਠਾ ਦੇ ਸਰਕਾਰੀ ਹਸਪਤਾਲ ਵਿਚ ਪੁਲਿਸ ਦੇ ਸਖਤ ਪਹਿਰੇ ਹੇਠ ਇਲਾਜ ਵਾਸਤੇ ਭਰਤੀ ਕਰਾਇਆ ਗਿਆ ਹੈ।