ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ ਪੰਜਾਬ ਵਿੱਚ 300 ਕਰੋੜ ਦੀ ਲਾਗਤ ਨਾਲ ਐਡਹੇਸਿਵ ਅਤੇ ਵਾਟਰਪ੍ਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਤ: ਸੰਜੀਵ ਅਰੋੜਾ

ਚੰਡੀਗੜ੍ਹ 7 ਜਨਵਰੀ 2026: ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਐਡਹੇਸਿਵ ਅਤੇ ਨਿਰਮਾਣ ਨਾਲ ਸਬੰਧਤ ਰਸਾਇਣਾਂ ਦੇ ਉਤਪਾਦਨ ਵਿੱਚ ਮੋਹਰੀ ਕੰਪਨੀ ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ 300 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਪੰਜਾਬ ਵਿੱਚ ਇੱਕ ਨਵੀਂ ਨਿਰਮਾਣ ਸਹੂਲਤ ਸਥਾਪਤ […]
Khushi
By : Updated On: 07 Jan 2026 16:27:PM
ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ ਪੰਜਾਬ ਵਿੱਚ 300 ਕਰੋੜ ਦੀ ਲਾਗਤ ਨਾਲ ਐਡਹੇਸਿਵ ਅਤੇ ਵਾਟਰਪ੍ਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਤ: ਸੰਜੀਵ ਅਰੋੜਾ

ਚੰਡੀਗੜ੍ਹ 7 ਜਨਵਰੀ 2026: ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਐਡਹੇਸਿਵ ਅਤੇ ਨਿਰਮਾਣ ਨਾਲ ਸਬੰਧਤ ਰਸਾਇਣਾਂ ਦੇ ਉਤਪਾਦਨ ਵਿੱਚ ਮੋਹਰੀ ਕੰਪਨੀ ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਵੱਲੋਂ 300 ਕਰੋੜ ਦੇ ਪ੍ਰਸਤਾਵਿਤ ਨਿਵੇਸ਼ ਨਾਲ ਪੰਜਾਬ ਵਿੱਚ ਇੱਕ ਨਵੀਂ ਨਿਰਮਾਣ ਸਹੂਲਤ ਸਥਾਪਤ ਕੀਤੀ ਜਾਵੇਗੀ।

ਇਹ ਪ੍ਰਸਤਾਵਿਤ ਪ੍ਰੋਜੈਕਟ ਪਿੰਡ ਮਾਜਰੀ ਫਕੀਰਾਂ ਅਤੇ ਪਿੰਡ ਸੋਹਣੇ ਮਾਜਰਾ, ਸਬ-ਤਹਿਸੀਲ ਘਨੌਰ, ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿਖੇ 31 ਏਕੜ ਜ਼ਮੀਨ ਵਿੱਚ ਸਥਾਪਤ ਕੀਤਾ ਜਾਵੇਗਾ।

ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਸਹੂਲਤ ਪਾਣੀ-ਅਧਾਰਤ ਐਡਹੇਸਿਵ ਪਦਾਰਥਾਂ ਅਤੇ ਵਾਟਰਪ੍ਰੂਫਿੰਗ ਉਤਪਾਦਾਂ ਦੇ ਮਿਸ਼ਰਣ ਅਤੇ ਬਲੈਂਡਿੰਗ ‘ਤੇ ਕੇਂਦ੍ਰਤ ਹੋਵੇਗੀ, ਜਿਸਦੀ ਕੁੱਲ ਪ੍ਰਸਤਾਵਿਤ ਸਮਰੱਥਾ ਸਾਲਾਨਾ 2,00,000 ਮੀਟ੍ਰਿਕ ਟਨ ਹੋਵੇਗੀ ਅਤੇ ਇਸ ਵਿੱਚ 1,40,000 ਮੀਟ੍ਰਿਕ ਟਨ ਪਾਣੀ-ਅਧਾਰਤ ਐਡਹੇਸਿਵ ਪਦਾਰਥ ਅਤੇ 60,000 ਮੀਟ੍ਰਿਕ ਟਨ ਵਾਟਰਪ੍ਰੂਫਿੰਗ ਉਤਪਾਦ ਸ਼ਾਮਲ ਹਨ। ਇਹ ਸਹੂਲਤ ਮੁੱਖ ਤੌਰ ‘ਤੇ ਘਰੇਲੂ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਅਤੇ ਭਵਿੱਖ ਵਿੱਚ ਆਲੇ-ਦੁਆਲੇ ਦੇ ਬਾਜ਼ਾਰਾਂ ਵਿੱਚ ਨਿਰਯਾਤ ਦੀ ਸੰਭਾਵਨਾ ਵਧਣਗੀਆਂ।

ਇਸ ਪ੍ਰੋਜੈਕਟ ਰਾਹੀਂ ਪੈਦਾ ਹੋਣ ਵਾਲੀਆਂ ਰੁਜ਼ਗਾਰ ਸੰਭਾਵਨਾ ਨੂੰ ਉਜਾਗਰ ਕਰਦਿਆਂ, ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਰੁਜ਼ਗਾਰ ਦੇ ਲਗਭਗ 300 ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਵਿੱਚ ਹੁਨਰਮੰਦ, ਅਰਧ-ਹੁਨਰਮੰਦ ਅਤੇ ਨਿਗਰਾਨ ਸ਼੍ਰੇਣੀਆਂ ਵਿੱਚ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਸਰਬੋਤਮ ਉਦਯੋਗਿਕ ਅਭਿਆਸਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਕਿਰਿਆ ਲਈ ਆਧੁਨਿਕ ਉਪਕਰਣਾਂ, ਉਪਯੋਗਤਾਵਾਂ ਅਤੇ ਅਨੁਕੂਲ ਮਾਹੌਲ ਸਮੇਤ ਸਿਹਤ ਅਤੇ ਸੁਰੱਖਿਆ (ਈ.ਐਚ.ਐਸ.) ਪ੍ਰਣਾਲੀਆਂ ਨਾਲ ਤਿਆਰ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪਿਡੀਲਾਈਟ ਇੰਡਸਟਰੀਜ਼ ਲਿਮਟਿਡ ਸਾਲ 1969 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਇਹ ਭਾਰਤ ਵਿੱਚ ਖਪਤਕਾਰ ਅਤੇ ਵਿਸ਼ੇਸ਼ ਰਸਾਇਣਾਂ ਦੇ ਉਤਪਾਦਨ ਵਿੱਚ ਇੱਕ ਮੋਹਰੀ ਕੰਪਨੀ ਅਤੇ ਮਾਰਕੀਟ ਲੀਡਰ ਹੈ। ਇਹ ਕੰਪਨੀ ਐਡਹੇਸਿਵ ਪਦਾਰਥਾਂ ਅਤੇ ਸੀਲੰਟ, ਨਿਰਮਾਣ ਨਾਲ ਸਬੰਧਤ ਰਸਾਇਣਾਂ, ਉਦਯੋਗਿਕ ਰੈਜ਼ਿਨ, ਪਿਗਮੈਂਟ ਅਤੇ ਕਲਾ ਅਤੇ ਸ਼ਿਲਪਕਾਰੀ ਸਮੱਗਰੀ ਦੇ ਨਿਰਮਾਣ ਵਿੱਚ ਮੋਹਰੀ ਹੈ। ਇਸਦਾ ਪ੍ਰਮੁੱਖ ਬ੍ਰਾਂਡ ਫੇਵੀਕੋਲ ਦੇਸ਼ ਦੇ ਸਭ ਤੋਂ ਭਰੋਸੇਮੰਦ ਬ੍ਰਾਂਡਾਂ ਵਿੱਚੋਂ ਇੱਕ ਹੈ।

ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪਿਡੀਲਾਈਟ ਵੱਲੋਂ ਉੱਤਰੀ ਭਾਰਤ ਵਿੱਚ ਆਪਣੇ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਵੱਧ ਰਹੀ ਖੇਤਰੀ ਮੰਗ ਨੂੰ ਪੂਰਾ ਕਰਨ ਦੀ ਰਣਨੀਤੀ ਤਹਿਤ ਪੰਜਾਬ ਵਿੱਚ ਇਹ ਪ੍ਰਸਤਾਵਿਤ ਸਹੂਲਤ ਸਥਾਪਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਅੰਦਰੂਨੀ ਸਰੋਤਾਂ ਰਾਹੀਂ ਵੰਡ ਕੀਤਾ ਜਾਵੇਗਾ ਅਤੇ ਇਸ ਨੂੰ ਦਸੰਬਰ 2027 ਤੱਕ ਵਪਾਰਕ ਉਤਪਾਦਨ ਲਈ ਕਾਰਜਸ਼ੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਅਹਿਮ ਨਿਵੇਸ਼ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਨਿਰਮਾਣ ਸਹੂਲਤਾਂ ਸਥਾਪਤ ਕਰਨ ਦੇ ਪਸੰਦੀਦਾ ਸਥਾਨ ਵਜੋਂ ਪੰਜਾਬ ਦੀ ਵਧ ਰਹੀ ਮੰਗ ਨੂੰ ਦਰਸਾਉਂਦਾ ਹੈ ਜੋ ਕਿ ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚੇ, ਸ਼ਾਨਦਾਰ ਸੰਪਰਕ, ਹੁਨਰਮੰਦ ਸਟਾਫ ਅਤੇ ਸਰਕਾਰ ਦੇ ਇੱਕ ਪ੍ਰਗਤੀਸ਼ੀਲ, ਨਿਵੇਸ਼ਕ-ਪੱਖੀ ਨੀਤੀਗਤ ਢਾਂਚੇ ਰਾਹੀਂ ਸੰਭਵ ਹੋਇਆ ਹੈ।

Read Latest News and Breaking News at Daily Post TV, Browse for more News

Ad
Ad