1984 ਸਿੱਖ ਕਤਲੇਆਮ ‘ਤੇ PM ਮੋਦੀ ਦਾ ਬਿਆਨ : 1984 ਸਿੱਖ ਕਤਲੇਆਮ ਦੇ ਸਮੇਂ RSS ਨੇ ਸਿੱਖਾਂ ਦੀ ਕੀਤੀ ਮਦਦ
PM Modi RSS: ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਲ 1984 ‘ਚ ਸਿੱਖ ਕਤਲੇਆਮ ‘ਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੇ ਸਿੱਖਾਂ ਦੀ ਮਦਦ ਕੀਤੀ ਸੀ। ਕਈ ਸਿੱਖ ਪਰਿਵਾਰਾਂ ਨੇ ਆਰਐਸਐਸ ਵਰਕਰਾਂ ਦੇ ਘਰਾਂ ‘ਚ ਸ਼ਰਣ ਲਈ ਸੀ। ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ‘ਚ ਹੜ੍ਹ ਦੇ ਮੌਕੇ ‘ਤੇ ਵੀ ਆਰਐਸਐਸ ਦੇ ਵਰਕਰ ਸਭ ਤੋਂ ਪਹਿਲਾਂ ਪੀੜਤਾਂ ਦੀ ਮਦਦ ਲਈ ਪਹੁੰਚੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਘ ਦੇ ਗਠਨ ਦੇ 100 ਸਾਲ ਪੂਰੇ ਹੋਣ ਦੇ ਮੌਕੇ ‘ਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਨੇ ਬਿਨਾਂ ਕਿਸੇ ਸੁਆਰਥ ਦੇ ਸੇਵਾ ਕੀਤੀ।
ਇਸ ਮੌਕੇ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਆਪਣੀ ਪ੍ਰਤਿਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਉਹ ਵੀ ਇਨ੍ਹਾਂ ਦੰਗਿਆਂ ‘ਚ ਸੰਘ ਕਾਰਨ ਬੱਚ ਸਕੇ ਸਨ। ਉਸ ਸਮੇਂ ਆਰਐਸਐਸ ਨੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ। ਉਸ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਵੀ ਉਨ੍ਹਾਂ ਨਾਲ ਸੀ।
ਗੁਰਚਰਨ ਸਿੰਘ ਗਰੇਵਾਲ ਨੇ ਕੀ ਕਿਹਾ?
ਉੱਥੇ ਹੀ, ਇਸ ਮਾਮਲੇ ‘ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਈ ਹਿੰਦੂ ਪਰਿਵਾਰ ਨੇ ਸਿੱਖਾਂ ਦੀ ਜਾਨ ਬਚਾਈ ਸੀ। ਹਾਲਾਂਕਿ, ਉਹ ਆਰਐਸਐਸ ਵਾਲੇ ਸਨ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੌਰਾਨ ਕਾਂਗਰਸ ਨੇ ਸਾਡੇ ‘ਤੇ ਜ਼ੁਲਮ ਕੀਤਾ, ਉਹ ਦੀਵਾਰ ‘ਤੇ ਲਿਖਿਆ ਹੋਇਆ ਹੈ। ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।
ਪੀਐਮ ਨੇ ਡਾਕ ਟਿਕਟ ਤੇ ਸਿੱਕਾ ਜਾਰੀ ਕੀਤਾ
ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਡਾਕ ਟਿਕਟ ਤੇ 100 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਰਐਸਐਸ ਵਲੰਟੀਅਰਾਂ ਨੇ ਦੇਸ਼ ਦੀ ਸੇਵਾ ਕਰਨ ਤੇ ਸਮਾਜ ਨੂੰ ਸਸ਼ਕਤ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ, “ਅੱਜ ਜਾਰੀ ਕੀਤੀ ਗਈ ਯਾਦਗਾਰੀ ਡਾਕ ਟਿਕਟ ਉਨ੍ਹਾਂ ਆਰਐਸਐਸ ਵਲੰਟੀਅਰਾਂ ਦੀ ਯਾਦ ‘ਚ ਇੱਕ ਸ਼ਰਧਾਂਜਲੀ ਹੈ, ਜਿਨ੍ਹਾਂ ਨੇ 1963 ਦੀ ਗਣਤੰਤਰ ਦਿਵਸ ਪਰੇਡ ‘ਚ ਮਾਣ ਨਾਲ ਮਾਰਚ ਕੀਤਾ ਸੀ। ਆਪਣੀ ਸ਼ੁਰੂਆਤ ਤੋਂ ਹੀ, ਆਰਐਸਐਸ ਨੇ ਰਾਸ਼ਟਰ ਨਿਰਮਾਣ ‘ਤੇ ਧਿਆਨ ਕੇਂਦਰਿਤ ਕੀਤਾ ਹੈ।”
ਉਨ੍ਹਾਂ ਕਿਹਾ ਕਿ ਆਰਐਸਐਸ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਿਲ ਕੇ ਕੰਮ ਕਰਦਾ ਹੈ, ਪਰ ਇਸ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਕਦੇ ਵੀ ਕੋਈ ਟਕਰਾਅ ਨਹੀਂ ਹੁੰਦਾ, ਕਿਉਂਕਿ ਉਹ ਸਾਰੇ ਰਾਸ਼ਟਰ ਪਹਿਲਾਂ ਦੇ ਸਿਧਾਂਤ ‘ਤੇ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਰਐਸਐਸ ਇੱਕ ਭਾਰਤ, ਸ੍ਰੇਸ਼ਠ ਭਾਰਤ ਦੇ ਵਿਚਾਰ ‘ਚ ਵਿਸ਼ਵਾਸ ਰੱਖਦਾ ਹੈ, ਹਾਲਾਂਕਿ ਆਜ਼ਾਦੀ ਤੋਂ ਬਾਅਦ, ਇਸ ਨੂੰ ਰਾਸ਼ਟਰੀ ਮੁੱਖ ਧਾਰਾ ‘ਚ ਸ਼ਾਮਲ ਹੋਣ ਤੋਂ ਰੋਕਣ ਲਈ ਯਤਨ ਕੀਤੇ ਗਏ ਸਨ।