ਚੰਡੀਗੜ੍ਹ ’ਚ ਪੁਲਿਸ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ
Police Head Constable shot dead: ਚੰਡੀਗੜ੍ਹ: ਸੈਕਟਰ-22 ਵਿੱਚ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਸੈਕਟਰ-22 ਸਥਿਤ ਇੱਕ ਕਮਰੇ ਵਿੱਚ ਰਹਿੰਦੇ ਸਨ। ਸਵੇਰੇ ਕਮਰੇ ਅੰਦਰ ਉਨ੍ਹਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਹ ਘਟਨਾ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਹੈੱਡ ਕਾਂਸਟੇਬਲ ਨਿਤਿਨ (42) ਸੈਕਟਰ 9 ਦੇ ਪੁਲਿਸ ਹੈੱਡਕੁਆਰਟਰ ਵਿਖੇ ਅਕਾਊਂਟਸ ਬ੍ਰਾਂਚ ਵਿੱਚ ਤਾਇਨਾਤ ਸੀ।
ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਜਾਂਚ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਿੱਚ ਨਿਤਿਨ ਦੇ ਪੁੱਤਰ ਦੀ ਭੂਮਿਕਾ ਹੋਣ ਦਾ ਸ਼ੱਕ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਗੁਆਂਢੀਆਂ ਦੇ ਅਨੁਸਾਰ, ਨਿਤਿਨ ਦੇ ਘਰੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ, ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਨਿਤਿਨ ਨੂੰ ਬਿਸਤਰੇ ‘ਤੇ ਜ਼ਖਮੀ ਹਾਲਤ ਵਿੱਚ ਪਿਆ ਪਾਇਆ। ਹੈੱਡ ਕਾਂਸਟੇਬਲ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮੌਤ ਦੇ ਸਹੀ ਕਾਰਨਾਂ ਅਤੇ ਘਟਨਾ ਦੇ ਪੂਰੇ ਕ੍ਰਮ ਦੀ ਸਥਿਤੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।
