ਇਰਾਨ ਜੰਗ ਦੀ ਗੁਪਤ ਜਾਣਕਾਰੀ ਲੀਕ ਹੋਣ ਦੇ ਸ਼ੱਕ ‘ਚ ਅਮਰੀਕਾ ਦੇ 50 ਫੌਜੀ ਅਧਿਕਾਰੀਆਂ ਦੇ ਪੌਲੀਗ੍ਰਾਫ ਟੈਸਟ
- ਹਥਿਆਰਾਂ ਤੇ ਮਿਜ਼ਾਈਲਾਂ ਦੇ ਘਟਦੇ ਭੰਡਾਰ ਬਾਰੇ ਜਾਣਕਾਰੀ ਲੀਕ ਹੋਣ ਦੀ ਜਾਂਚ ਤੇਜ਼
Polygraph tests of 50 US military officers: ਨਵੀਂ ਦਿੱਲੀ: ਅਮਰੀਕਾ ਵਿੱਚ ਇਰਾਨ ਨਾਲ ਜੰਗ ਦੌਰਾਨ ਗੁਪਤ ਜਾਣਕਾਰੀ ਮੀਡੀਆ ਤੱਕ ਪਹੁੰਚਣ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਜਾਣਕਾਰੀ ਲੀਕ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਪੈਂਟਾਗਨ ਵੱਲੋਂ ਕਰੀਬ 50 ਫੌਜੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪੌਲੀਗ੍ਰਾਫ ਟੈਸਟ ਕਰਵਾਏ ਗਏ ਹਨ। ਜਾਂਚ ਦੌਰਾਨ ਅਧਿਕਾਰੀਆਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਰਾਨ ਜੰਗ ਨਾਲ ਸਬੰਧਤ ਕੋਈ ਗੁਪਤ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਅਮਰੀਕੀ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਘਟ ਰਹੇ ਭੰਡਾਰ ਨਾਲ ਜੁੜੀ ਜਾਣਕਾਰੀ ਬਾਹਰ ਪਹੁੰਚਾਉਣ ਬਾਰੇ ਵੀ ਸਵਾਲ ਕੀਤੇ ਗਏ। ਪੌਲੀਗ੍ਰਾਫ ਟੈਸਟ ਨੂੰ ਆਮ ਤੌਰ ’ਤੇ ‘ਝੂਠ ਫੜਨ ਵਾਲਾ ਟੈਸਟ’ ਕਿਹਾ ਜਾਂਦਾ ਹੈ। ਇਸ ਦੌਰਾਨ ਵਿਅਕਤੀ ਦੇ ਦਿਲ ਦੀ ਧੜਕਨ, ਸਾਹ ਲੈਣ ਦੀ ਗਤੀ ਅਤੇ ਪਸੀਨੇ ਵਰਗੀਆਂ ਸਰੀਰਕ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ।
ਅਗਸਤ ਵਿੱਚ ਸਾਹਮਣੇ ਆਈਆਂ ਸਨ ਹਥਿਆਰਾਂ ਦੀ ਕਮੀ ਦੀਆਂ ਰਿਪੋਰਟਾਂ
ਇਹ ਕਾਰਵਾਈ ਅਗਸਤ ਵਿੱਚ ਸਾਹਮਣੇ ਆਈਆਂ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਹੋਈ, ਜਿਨ੍ਹਾਂ ਵਿੱਚ ਇਰਾਨ ਨਾਲ ਜੰਗ ਦੌਰਾਨ ਅਮਰੀਕਾ ਦੇ ਕੁਝ ਮਹੱਤਵਪੂਰਨ ਹਥਿਆਰਾਂ ਦੇ ਭੰਡਾਰ ਘਟਣ ਦਾ ਦਾਅਵਾ ਕੀਤਾ ਗਿਆ ਸੀ। ਇਨ੍ਹਾਂ ਵਿੱਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਪੈਟ੍ਰਿਅਟ ਮਿਜ਼ਾਈਲ ਇੰਟਰਸੈਪਟਰ ਵੀ ਸ਼ਾਮਲ ਦੱਸੇ ਗਏ ਸਨ। ਅਮਰੀਕੀ ਜਾਇੰਟ ਸਟਾਫ ਵਿੱਚ ਕਰੀਬ 1,500 ਤੋਂ 2,000 ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਹਨ। ਇਹ ਸੰਸਥਾ ਦੁਨੀਆ ਭਰ ਵਿੱਚ ਅਮਰੀਕੀ ਫੌਜੀ ਕਾਰਵਾਈਆਂ, ਨੀਤੀਆਂ ਅਤੇ ਜੰਗੀ ਯੋਜਨਾਵਾਂ ਵਿਚਕਾਰ ਤਾਲਮੇਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਕਰੀਬ 50 ਅਧਿਕਾਰੀਆਂ ਦੇ ਪੌਲੀਗ੍ਰਾਫ ਟੈਸਟ ਨੂੰ ਆਮ ਕਾਰਵਾਈ ਦੇ ਮੁਕਾਬਲੇ ਅਸਾਧਾਰਨ ਮੰਨਿਆ ਜਾ ਰਿਹਾ ਹੈ। ਜਾਂਚ ਨਾਲ ਜੁੜੇ ਮਾਹਿਰਾਂ ਮੁਤਾਬਕ ਇਸ ਦਾ ਮਕਸਦ ਸਿਰਫ਼ ਜਾਣਕਾਰੀ ਲੀਕ ਕਰਨ ਵਾਲੇ ਦੀ ਪਛਾਣ ਕਰਨਾ ਹੀ ਨਹੀਂ, ਸਗੋਂ ਹੋਰ ਅਧਿਕਾਰੀਆਂ ਨੂੰ ਵੀ ਭਵਿੱਖ ਵਿੱਚ ਗੁਪਤ ਜਾਣਕਾਰੀ ਮੀਡੀਆ ਤੱਕ ਪਹੁੰਚਾਉਣ ਤੋਂ ਰੋਕਣ ਦਾ ਸੰਦੇਸ਼ ਦੇਣਾ ਹੈ।
ਟਰੰਪ ਪ੍ਰਸ਼ਾਸਨ ਨੇ ਲੀਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਦੇ ਸੰਕੇਤ ਦਿੱਤੇ
ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਹਥਿਆਰਾਂ ਦੇ ਭੰਡਾਰ ’ਤੇ ਪੈ ਰਹੇ ਦਬਾਅ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆਈਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਪੈਟ੍ਰਿਅਟ ਇੰਟਰਸੈਪਟਰਾਂ ਦੀ ਉਪਲਬਧਤਾ ਘਟਣ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਇਰਾਨ ਖ਼ਿਲਾਫ਼ ਜੰਗ ਦੀ ਰਣਨੀਤੀ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਅੰਦਰ ਚਿੰਤਾਵਾਂ ਅਤੇ ਮਤਭੇਦਾਂ ਦੀਆਂ ਖ਼ਬਰਾਂ ਵੀ ਆਈਆਂ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਗੁਪਤ ਜਾਣਕਾਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਤੇਜ਼ ਕਰ ਦਿੱਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਲੀਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਜੰਗੀ ਰਣਨੀਤੀ ਅਤੇ ਹਥਿਆਰਾਂ ਦੀ ਕਮੀ ਸਬੰਧੀ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਕੁਝ ਮੀਡੀਆ ਰਿਪੋਰਟਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
