ਦੇਸ਼ ਦੇ 11 ਹਵਾਈ ਅੱਡਿਆਂ ਨੂੰ ਨਿੱਜੀ ਹੱਥਾਂ ‘ਚ ਦੇਣ ਦੀ ਤਿਆਰੀ
Preparations to privatize 11 airports in country: ਨਵੀਂ ਦਿੱਲੀ: ਕੇਂਦਰ ਸਰਕਾਰ ਦੇਸ਼ ਦੇ 11 ਹਵਾਈ ਅੱਡਿਆਂ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (PPP) ਮਾਡਲ ਤਹਿਤ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਤਹਿਤ ਨਿੱਜੀ ਕੰਪਨੀਆਂ ਇਨ੍ਹਾਂ ਹਵਾਈ ਅੱਡਿਆਂ ਦੇ ਵਿਕਾਸ ਅਤੇ ਸੰਚਾਲਨ ਵਿੱਚ ਨਿਵੇਸ਼ ਕਰਨਗੀਆਂ। ਪ੍ਰਸਤਾਵਿਤ ਯੋਜਨਾ ਅਨੁਸਾਰ ਕਰੀਬ 8,622 ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ ਅਤੇ ਹਵਾਈ ਅੱਡਿਆਂ ਨੂੰ 50 ਸਾਲਾਂ ਲਈ ਲੀਜ਼ ‘ਤੇ ਦਿੱਤਾ ਜਾ ਸਕਦਾ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਇਨ੍ਹਾਂ 11 ਹਵਾਈ ਅੱਡਿਆਂ ਲਈ ਨਿੱਜੀ ਭਾਈਵਾਲ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
5 ਗਰੁੱਪਾਂ ਵਿੱਚ ਵੰਡੇ ਜਾਣਗੇ 11 ਹਵਾਈ ਅੱਡੇ
ਯੋਜਨਾ ਅਨੁਸਾਰ 11 ਹਵਾਈ ਅੱਡਿਆਂ ਨੂੰ 5 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਇੱਕ ਗਰੁੱਪ ਵਿੱਚ ਸ਼ਾਮਲ ਸਾਰੇ ਹਵਾਈ ਅੱਡਿਆਂ ਦਾ ਸੰਚਾਲਨ ਇੱਕੋ ਨਿੱਜੀ ਕੰਪਨੀ ਨੂੰ ਦਿੱਤਾ ਜਾਵੇਗਾ। ਪ੍ਰਸਤਾਵਿਤ ਗਰੁੱਪ ਇਸ ਤਰ੍ਹਾਂ ਹਨ—
ਅੰਮ੍ਰਿਤਸਰ ਅਤੇ ਕਾਂਗੜਾ-ਗੱਗਲ
ਵਾਰਾਣਸੀ, ਗਯਾ ਅਤੇ ਕੁਸ਼ੀਨਗਰ
ਭੁਵਨੇਸ਼ਵਰ ਅਤੇ ਹੁਬਲੀ
ਰਾਏਪੁਰ ਅਤੇ ਔਰੰਗਾਬਾਦ
ਤਿਰੁਚਿਰਾਪੱਲੀ ਅਤੇ ਤਿਰੁਪਤੀ
ਇਸ ਮਾਡਲ ਤਹਿਤ ਵੱਡੇ ਅਤੇ ਵੱਧ ਆਮਦਨ ਵਾਲੇ ਹਵਾਈ ਅੱਡਿਆਂ ਨੂੰ ਛੋਟੇ ਹਵਾਈ ਅੱਡਿਆਂ ਨਾਲ ਜੋੜਿਆ ਗਿਆ ਹੈ, ਤਾਂ ਜੋ ਛੋਟੇ ਹਵਾਈ ਅੱਡਿਆਂ ਦੇ ਵਿਕਾਸ ਨੂੰ ਵੀ ਹੁਲਾਰਾ ਮਿਲ ਸਕੇ।
ਨਿੱਜੀ ਕੰਪਨੀਆਂ ਨੂੰ ਕਿਹੜੇ ਸਰੋਤਾਂ ਤੋਂ ਹੋਵੇਗੀ ਕਮਾਈ ?
ਹਵਾਈ ਅੱਡਿਆਂ ਦਾ ਸੰਚਾਲਨ ਸੰਭਾਲਣ ਵਾਲੀਆਂ ਨਿੱਜੀ ਕੰਪਨੀਆਂ ਨੂੰ ਯਾਤਰੀ ਸੇਵਾਵਾਂ, ਪਾਰਕਿੰਗ, ਕਿਰਾਏ ਅਤੇ ਹੋਰ ਵਪਾਰਕ ਸਰੋਤਾਂ ਤੋਂ ਆਮਦਨ ਹਾਸਲ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਦੀ ਲੋੜ ਹੋਵੇਗੀ ਕਿ ਨਿੱਜੀਕਰਨ ਤੋਂ ਬਾਅਦ ਯਾਤਰੀਆਂ ‘ਤੇ ਬੇਲੋੜੇ ਵਾਧੂ ਚਾਰਜਾਂ ਦਾ ਬੋਝ ਨਾ ਪਵੇ।
ਇੱਕ ਕੰਪਨੀ ਨੂੰ ਸਾਰੇ 11 ਹਵਾਈ ਅੱਡੇ ਨਹੀਂ ਮਿਲਣਗੇ
ਪ੍ਰਸਤਾਵ ਅਨੁਸਾਰ ਇੱਕੋ ਕੰਪਨੀ ਨੂੰ ਸਾਰੇ ਪੰਜ ਗਰੁੱਪਾਂ ਜਾਂ ਸਾਰੇ 11 ਹਵਾਈ ਅੱਡਿਆਂ ਦਾ ਪ੍ਰਬੰਧਨ ਨਹੀਂ ਦਿੱਤਾ ਜਾਵੇਗਾ। ਬਾਜ਼ਾਰ ਵਿੱਚ ਵੱਧ ਕੇਂਦਰੀਕਰਨ ਅਤੇ ਬਹੁਤ ਜ਼ਿਆਦਾ ਕਰਜ਼ੇ ਦੇ ਖ਼ਤਰੇ ਨੂੰ ਘੱਟ ਕਰਨ ਲਈ ਬੋਲੀ ਪ੍ਰਕਿਰਿਆ ਵਿੱਚ ਸੀਮਾਵਾਂ ਤੈਅ ਕੀਤੀਆਂ ਜਾਣਗੀਆਂ।
AAI ਦੇ ਕਰਮਚਾਰੀਆਂ ਦਾ ਕੀ ਹੋਵੇਗਾ ?
ਹਵਾਈ ਅੱਡਿਆਂ ਦੇ ਨਿੱਜੀ ਹੱਥਾਂ ਵਿੱਚ ਜਾਣ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੇ ਕਰਮਚਾਰੀਆਂ ਦੇ ਭਵਿੱਖ ਨੂੰ ਲੈ ਕੇ ਵੀ ਪ੍ਰਬੰਧ ਕੀਤਾ ਗਿਆ ਹੈ। ਪ੍ਰਸਤਾਵ ਮੁਤਾਬਕ ਨਿੱਜੀ ਕੰਪਨੀ ਨੂੰ ਇੱਕ ਸਾਲ ਲਈ ਮੌਜੂਦਾ AAI ਕਰਮਚਾਰੀਆਂ ਨਾਲ ਸਾਂਝੇ ਪ੍ਰਬੰਧਨ ਦੀ ਵਿਵਸਥਾ ਕਰਨੀ ਹੋਵੇਗੀ। ਇਸ ਤੋਂ ਬਾਅਦ ਅਗਲੇ ਤਿੰਨ ਸਾਲਾਂ ਤੱਕ ਘੱਟੋ-ਘੱਟ 60 ਫੀਸਦੀ AAI ਕਰਮਚਾਰੀਆਂ ਨੂੰ ਆਪਣੇ ਨਾਲ ਬਣਾਈ ਰੱਖਣਾ ਹੋਵੇਗਾ।
ਪਹਿਲਾਂ ਵੀ PPP ਮਾਡਲ ਤਹਿਤ ਦਿੱਤੇ ਜਾ ਚੁੱਕੇ ਹਨ ਹਵਾਈ ਅੱਡੇ
ਦੱਸਣਯੋਗ ਹੈ ਕਿ ਸਰਕਾਰ ਇਸ ਤੋਂ ਪਹਿਲਾਂ ਵੀ 2018-19 ਵਿੱਚ AAI ਦੇ 6 ਹਵਾਈ ਅੱਡਿਆਂ ਨੂੰ PPP ਮਾਡਲ ਤਹਿਤ ਨਿੱਜੀ ਕੰਪਨੀਆਂ ਨੂੰ ਸੌਂਪ ਚੁੱਕੀ ਹੈ। ਮੌਜੂਦਾ ਦੌਰ ਲਈ ਇਨ੍ਹਾਂ 11 ਹਵਾਈ ਅੱਡਿਆਂ ਦੀ ਚੋਣ ਯਾਤਰੀਆਂ ਦੀ ਗਿਣਤੀ, ਜ਼ਮੀਨ ਦੀ ਉਪਲਬਧਤਾ, ਵਪਾਰਕ ਸੰਭਾਵਨਾਵਾਂ ਅਤੇ ਵਿੱਤੀ ਪ੍ਰਦਰਸ਼ਨ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਗਈ ਹੈ।
