ਬੇਅਦਬੀ ਕਾਨੂੰਨ ’ਤੇ ਵਧਿਆ ਦਬਾਅ, ਜਥੇਦਾਰ ਗੜਗੱਜ ਨੇ ਵਿਧਾਇਕ ਨਿੱਜਰ ਨੂੰ ਯਾਦ ਕਰਵਾਈ ਦੀ ਡੈੱਡਲਾਈਨ
Giani Kuldeep Singh Gadgaj; ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਜਨਤਕ ਤੌਰ ’ਤੇ 29 ਜੁਲਾਈ ਦੀ ਤੈਅ ਸਮਾਂ-ਸੀਮਾ (ਡੈੱਡਲਾਈਨ) ਯਾਦ ਕਰਵਾਈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖਾਲਸਾ ਮਾਰਚ ਚੀਫ ਖਾਲਸਾ ਦੀਵਾਨ ਦੇ ਮੁੱਖ ਦਰਵਾਜ਼ੇ ਸਾਹਮਣੇ ਪਹੁੰਚਿਆ। ਉੱਥੇ ਡਾ. ਨਿੱਜਰ ਆਪਣੇ ਸਮਰਥਕਾਂ ਨਾਲ ਮਾਰਚ ਦੇ ਸਵਾਗਤ ਲਈ ਮੌਜੂਦ ਸਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਚ ਤੋਂ ਡਾ. ਨਿੱਜਰ ਨੂੰ ਸੰਬੋਧਨ ਕਰਦਿਆਂ ਕਿਹਾ,
“ਨਿੱਜਰ ਸਾਹਿਬ, 29 ਤਾਰੀਖ ਨੇੜੇ ਆ ਗਈ ਹੈ, ਅਜੇ ਤੱਕ ਕੁਝ ਨਹੀਂ ਹੋਇਆ। ਉਨ੍ਹਾਂ ਤੱਕ ਸੁਨੇਹਾ ਪਹੁੰਚਾ ਦਿਓ।”
ਜਥੇਦਾਰ ਵੱਲੋਂ ਕੀਤੀ ਗਈ ਇਹ ਟਿੱਪਣੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੇ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਬੇਅਦਬੀ ਕਾਨੂੰਨ ’ਚ ਸੋਧ ਦਾ ਮਾਮਲਾ
ਇਹ ਪੂਰਾ ਮਾਮਲਾ ਬੇਅਦਬੀ ਨਾਲ ਜੁੜੇ ਸਖ਼ਤ ਕਾਨੂੰਨ ਵਿੱਚ ਸੋਧ ਕਰਨ ਦੇ ਸੰਵੇਦਨਸ਼ੀਲ ਮੁੱਦੇ ਨਾਲ ਸਬੰਧਤ ਹੈ।
ਬੀਤੀ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਕੰਪਲੈਕਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੈਬਨਿਟ ਮੰਤਰੀਆਂ ਅਤੇ ਕੁਝ ਵਿਧਾਇਕਾਂ ਦੀ ਅਹਿਮ ਮੀਟਿੰਗ ਹੋਈ ਸੀ।
ਇਸ ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਬੇਅਦਬੀ ਕਾਨੂੰਨ ਵਿੱਚ ਲੋੜੀਂਦੀਆਂ ਅਤੇ ਸਖ਼ਤ ਸੋਧਾਂ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਇਸ 30 ਦਿਨਾਂ ਦੀ ਮਿਆਦ ਦੀ ਆਖਰੀ ਤਾਰੀਖ 29 ਜੁਲਾਈ ਹੈ।
ਡਾ. ਨਿੱਜਰ ਹਨ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ
ਜ਼ਿਕਰਯੋਗ ਹੈ ਕਿ 29 ਜੂਨ ਨੂੰ ਹੋਈ ਇਸ ਉੱਚ ਪੱਧਰੀ ਮੀਟਿੰਗ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਬੇਅਦਬੀ ਕਾਨੂੰਨ ਨਾਲ ਸਬੰਧਤ ਵਿਸ਼ੇਸ਼ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਜੋਂ ਸ਼ਾਮਲ ਹੋਏ ਸਨ।
ਇਸੇ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਜਥੇਦਾਰ ਗੜਗੱਜ ਨੇ ਜਨਤਕ ਮੰਚ ਤੋਂ ਉਨ੍ਹਾਂ ਨੂੰ ਦਿੱਤੇ ਗਏ ਭਰੋਸੇ ਦੀ ਯਾਦ ਦਿਵਾਈ।
ਇਸ ਘਟਨਾ ਨੂੰ ਪੰਜਾਬ ਸਰਕਾਰ ’ਤੇ ਬੇਅਦਬੀ ਕਾਨੂੰਨ ਵਿੱਚ ਜਲਦ ਸੋਧ ਕਰਨ ਦਾ ਦਬਾਅ ਬਣਾਉਣ ਵਜੋਂ ਦੇਖਿਆ ਜਾ ਰਿਹਾ ਹੈ। 29 ਜੁਲਾਈ ਦੀ ਡੈੱਡਲਾਈਨ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ।
