Punjab Assembly Session: ਵਿਸ਼ੇਸ਼ ਇਜਲਾਸ ਅੱਜ; ਭਰੋਸਗੀ ਮਤਾ ਲਿਆਉਣ ਦੀ ਤਿਆਰੀ
Punjab News: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਅੱਜ ਸੱਦਿਆ ਗਿਆ ਹੈ। ਇਸ ਬਾਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸੈਸ਼ਨ ਨੂੰ ਰਸਮੀ ਤੌਰ ‘ਤੇ ਸੱਦ ਲਿਆ ਹੈ। ਇਹ ਵਿਸ਼ੇਸ਼ ਸੈਸ਼ਨ ਸੱਦਣ ਦਾ ਫ਼ੈਸਲਾ ਪਿਛਲੇ ਦਿਨ ਪੰਜਾਬ ਕੈਬਨਿਟ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਲਿਆ ਗਿਆ।
ਕੁੱਝ ਦਿਨ ਦੇ ਅੰਤਰਾਲ ਬਾਅਦ ਹੀ ਸੱਦੇ ਇਸ ਵਿਸ਼ੇਸ਼ ਸੈਸ਼ਨ ਉਪਰ ਸੱਭ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਹ ਸੈਸ਼ਨ ‘ਆਪ’ ਦੇ 7 ਮੈਂਬਰਾਂ ਦੀ ਦਲ ਬਦਲੀ ਦੇ ਘਟਨਾਕ੍ਰਮ ਮਗਰੋਂ ਸੱਦਿਆ ਗਿਆ ਹੈ। ਸਪੀਕਰ ਵਲੋਂ ਸੈਸ਼ਨ ਸੱਦੇ ਜਾਣ ਬਾਰੇ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਵਲੋਂ ਜਾਰੀ ਨੋਟਿਸ ਮੁਤਾਬਕ ਅੱਜ ਇਹ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਇਸ ਦੀ ਇੱਕੋ ਬੈਠਕ ਹੋਵੇਗੀ।
ਇਹ ਸੈਸ਼ਨ ਛੁੱਟੀ ਵਾਲੇ ਦਿਨ ਹੋ ਰਿਹਾ ਹੈ, ਜਦਕਿ ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਵੀ ਛੁੱਟੀ ਵਾਲੇ ਦਿਨ ਵਿਸ਼ੇਸ਼ ਸੈਸ਼ਨ ਹੋਇਆ ਸੀ। ਇਸ ਸੈਸ਼ਨ ਵਿਚ ਬੇਅਦਬੀ ਵਿਰੋਧੀ ਸਖ਼ਤ ਸਜ਼ਾਵਾਂ ਵਾਲਾ ਕਾਨੂੰਨ ਪਾਸ ਕੀਤਾ ਗਿਆ ਸੀ। ਭਾਵੇਂ ਪਹਿਲੀ ਮਈ ਦੇ ਸੈਸ਼ਨ ਬਾਰੇ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਮਈ ਦਿਵਸ ਨੂੰ ਸਮਰਪਤ ਇਸ ਸੈਸ਼ਨ ਵਿਚ ਕਿਰਤੀ ਵਰਗ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ ਅਤੇ ਇਸ ਵਿਚ ਮਜ਼ਦੂਰ ਆਗੂਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਹੈ, ਪਰ ‘ਆਪ’ ਦੇ 7 ਮੈਂਬਰਾਂ ਦੀ ਦਲ ਬਦਲੀ ਦਾ ਮਾਮਲਾ ਵੀ ਇਸ ਸੈਸ਼ਨ ਵਿਚ ਜ਼ਰੂਰ ਉਠੇਗਾ।
ਵਿਰੋਧੀ ਧਿਰ ‘ਆਪ’ ਨੂੰ ਘੇਰਨ ਦੀ ਤਿਆਰੀ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇ ਵਿਰੋਧੀਆਂ ਨੂੰ ਕੋਈ ਸ਼ੱਕ ਹੈ ਤਾਂ ਉਹ ਲੋੜ ਪੈਣ ‘ਤੇ ਵਿਸ਼ੇਸ਼ ਸੈਸ਼ਨ ਵਿਚ ਭਰੋਸਗੀ ਦਾ ਮਤਾ ਲਿਆ ਸਕਦੇ ਹਨ। ਇਸ ਸੈਸ਼ਨ ਵਿਚ ਦਲ ਬਦਲੀ ਕਰਨ ਵਾਲੇ ਮੈਂਬਰਾਂ ਵਿਰੁਧ ਨਿੰਦਾ ਮਤਾ ਵੀ ਲਿਆਂਦਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੈਸ਼ਨ ਤੋਂ ਪਹਿਲਾਂ ਅੱਜ ਸਵੇਰੇ 9.30 ਵਜੇ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਵੀ ਸੱਦੀ ਹੈ। ਇਸੇ ਦੌਰਾਨ ਵਿਧਾਨ ਸਭਾ ਸਕੱਤਰੇਤ ਵਲੋਂ ਸੈਸ਼ਨ ਦੇ ਪ੍ਰਾਪਤ ਏਜੰਡੇ ਅਨੁਸਾਰ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿਚ ਵਾਧੇ ਦਾ ਮਤਾ ਪੇਸ਼ ਹੋਵੇਗਾ। ਇਸ ਵਿਚ ਸਰਕਾਰ ਵਲੋਂ ਸੈਸ਼ਨ ਵਿਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਜਾਂ ਕਿਸੇ ਹੋਰ ਵਿਧਾਨਕ ਕੰਮ ਬਾਰੇ ਫ਼ੈਸਲਾ ਲਿਆ ਜਾਵੇਗਾ।