ਪੰਜਾਬ ਸਰਕਾਰ ਦੁਆਰਾ ਧਾਰਮਿਕ ਨਾਟਕ ‘ਹਮਾਰੇ ਰਾਮ’ ਦਾ ਮੰਚਨ, 7 ਅਗਸਤ ਤੋਂ ਸ਼ੁਰੂ ਹੋਣਗੇ ਸ਼ੋਅ, ਬੁੱਕ ਕਰਵਾਉਣ ਦੀ ਪ੍ਰਕਿਰਿਆ ਜਾਣੋ….
Hamare Ram Punjab Drama; ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪ੍ਰਸਿੱਧ ਧਾਰਮਿਕ ਨਾਟਕ ‘ਹਮਾਰੇ ਰਾਮ’ ਦਾ ਮੰਚਨ ਹੁਣ ਪੰਜਾਬ ਦੇ 12 ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ 7 ਅਗਸਤ ਤੋਂ ਹੋਵੇਗੀ। ਪਹਿਲਾ ਸ਼ੋਅ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿੱਚ ਕਰਵਾਇਆ ਜਾਵੇਗਾ। ਇਸ ਲੜੀ ਤਹਿਤ ਸੂਬੇ ਭਰ ਵਿੱਚ ਕੁੱਲ 41 ਸ਼ੋਅ ਆਯੋਜਿਤ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਚੇਅਰਮੈਨ ਦੀਪਕ ਬਾਲੀ ਨੇ ਦੱਸਿਆ ਕਿ ਇਸ ਨਾਟਕ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸ਼ੋਅ ਦੀਆਂ ਤਰੀਕਾਂ ਹਾਸਲ ਕਰਨ ਲਈ ਕਾਫ਼ੀ ਕੋਸ਼ਿਸ਼ ਕਰਨੀ ਪਈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਦੌਰਾਨ ਮੋਹਾਲੀ ਵਿੱਚ ਸ਼ੋਅ ਹੋਣਗੇ ਅਤੇ ਇਸ ਲਈ ਵਧੀਆ ਆਡੀਟੋਰੀਅਮ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਾਟਕ ਵਿੱਚ ਰਾਮਾਇਣ ਦੇ ਸਾਰੇ ਕਾਂਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਮੋਹਾਲੀ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਖੰਨਾ, ਲੁਧਿਆਣਾ ਅਤੇ ਸੰਗਰੂਰ ਸਮੇਤ 12 ਸ਼ਹਿਰਾਂ ਵਿੱਚ ਮੰਚਿਤ ਕੀਤਾ ਜਾਵੇਗਾ।
ਦਰਸ਼ਕਾਂ ਲਈ ਨਾਟਕ ਦੇ ਮੁਫ਼ਤ ਪਾਸ ਉਪਲਬਧ ਕਰਵਾਏ ਜਾਣਗੇ। ਇਹ ਪਾਸ BookMyShow ਅਤੇ ਸਨਾਤਨ ਸੇਵਾ ਸਮਿਤੀ ਰਾਹੀਂ ਬੁੱਕ ਕਰਵਾਏ ਜਾ ਸਕਣਗੇ।
ਦੀਪਕ ਬਾਲੀ ਨੇ ਇਹ ਵੀ ਦੱਸਿਆ ਕਿ ਇਸ ਨਾਟਕ ਨੂੰ ਦੇਖਣ ਵਾਲਿਆਂ ਵਿੱਚ ਲਗਭਗ 65 ਫ਼ੀਸਦੀ ਨੌਜਵਾਨ ਹੁੰਦੇ ਹਨ, ਜੋ ਇਹ ਦਰਸਾਉਂਦਾ ਹੈ ਕਿ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ।
