ਨਸ਼ਿਆਂ ਖਿਲਾਫ਼ ਪੰਜਾਬ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਜਾਰੀ, ਪਿੰਡ ਭਗੁਪੁਰ ਬੇਠ ‘ਚ ਨਸ਼ਾ ਤਸਕਰ ਦਾ ਘਰ ਢਾਹਿਆ

Drug Smuggler’s House Demolished: ਐਸਪੀ ਅਦਿੱਤਿਆ ਵਾਇਰਰ ਨੇ ਕਿਹਾ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਇਸ ਸਮੇਂ ਫਰਾਰ ਹਨ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ੋਰ ਸ਼ੋਰ ਨਾਲ ਰੇਡ ਜਾਰੀ ਹਨ।
Amritsar Police Bulldozer Action: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ। ਅਜਿਹੇ ‘ਚ ਸੂਬੇ ‘ਚ ਨਸ਼ਾ ਤਸਕਰਾਂ ਦੇ ਘਰ ਢਾਹੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹਲਕਾ ਰਾਜਾਸੰਸੀ ਦੇ ਪਿੰਡ ਭਗੁਪੁਰ ਬੇਠ ਵਿਖੇ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ ਕੀਤੀ।
ਪੁਲਿਸ ਨੇ ਮਲੂਕ ਸਿੰਘ ਦਾ ਘਰ ਢਾਹ ਦਿੱਤਾ। ਪੁਲਿਸ ਟੀਮ ਦੀ ਅਗਵਾਈ ਐਸਪੀ ਅਦਿੱਤਿਆ ਵਾਇਰਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਸਤਬੀਰ ਸਿੰਘ ਉਰਫ਼ ਸੋਨੂ ਅਤੇ ਰਣਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਖਿਲਾਫ਼ ਹੁਣ ਤੱਕ 24 ਕੇਸ NDPS ਐਕਟ ਤਹਿਤ ਦਰਜ ਹਨ।
ਛੱਪੜ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣਾਇਆ ਸੀ ਮਕਾਨ
ਐਸਪੀ ਨੇ ਕਿਹਾ ਕਿ ਇਹ ਪਰਿਵਾਰ ਪਿੰਡ ਦੀ ਛੱਪੜ ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਮਕਾਨ ਬਣਾਕੇ ਰਹਿ ਰਿਹਾ ਸੀ। ਪਿੰਡ ਵਾਸੀਆਂ ਨੇ ਬੀਡੀਪੀਓ ਦਫ਼ਤਰ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿਸ ਉਪਰੰਤ ਬੀਡੀਪੀਓ ਨੇ ਰਿਪੋਰਟ ਤਿਆਰ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜੀ ਅਤੇ ਡਿਮੋਲਿਸ਼ਨ ਦੀ ਮੰਗ ਕੀਤੀ। ਅੱਜ ਪੁਲਿਸ ਟੀਮ ਨੇ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹਵਾਲੇ ਕਰਕੇ ਮਕਾਨ ਢਾਹ ਦਿੱਤਾ।
ਐਸਪੀ ਅਦਿੱਤਿਆ ਵਾਇਰਰ ਨੇ ਕਿਹਾ ਕਿ ਮਲੂਕ ਸਿੰਘ ਅਤੇ ਉਸਦੇ ਪੁੱਤਰ ਇਸ ਸਮੇਂ ਫਰਾਰ ਹਨ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜ਼ੋਰ ਸ਼ੋਰ ਨਾਲ ਰੇਡ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 7-8 ਸਾਲਾਂ ਤੋਂ ਇਹ ਪਰਿਵਾਰ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਲੋਕਾਂ ਨੂੰ ਨਸ਼ੇ ਦੀ ਲਤ ਲਗਾ ਕੇ ਗੈਰ ਕਾਨੂੰਨੀ ਕਮਾਈ ਕਰ ਰਿਹਾ ਸੀ। ਪੁਲਿਸ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਅਤੇ ਜਾਇਦਾਦ ਕਿਸੇ ਵੀ ਹਾਲਤ ਵਿੱਚ ਨਹੀਂ ਰਹਿਣਗੇ।
ਨਸ਼ੇ ਦੀ ਕਾਲੀ ਕਮਾਈ ਨਾਲ ਬਣੇ ਮਕਾਨ ਨਹੀਂ ਰਹਿਣਗੇ ਬਰਕਰਾਰ
ਪਿੰਡ ਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਰਵਾਈ ਹੋਰ ਗੈਰ-ਕਾਨੂੰਨੀ ਤੱਤਾਂ ਲਈ ਵੀ ਚੇਤਾਵਨੀ ਹੈ। ਐਸਪੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚੀ ਕਮਾਈ ਕਰਕੇ ਆਪਣੀ ਜ਼ਿੰਦਗੀ ਸੁਧਾਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।
ਇਸ ਕਾਰਵਾਈ ਕਾਰਨ ਪਿੰਡ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਅਤੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ।ਇਸ ਮੌਕੇ ਬੀਡੀਪੀਓ ਅਧਿਕਾਰੀ ਨੇ ਕਿਹਾ ਕਿ ਪਿੰਡ ਦੇ ਛੱਪਰ ‘ਤੇ ਮਲੂਕ ਸਿੰਘ ਤੇ ਸੈਟਿੰਗ ਪਰਿਵਾਰ ਵਲੋਂ ਕਬਜ਼ਾ ਕੀਤਾ ਗਿਆ ਸੀ ਜਿਸ ਦੇ ਚਲਦੇ ਪੰਚਾਇਤ ਵਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਅੱਜ ਅਸੀਂ ਪੁਲਿਸ ਨੂੰ ਨਾਲ ਲੈ ਕੇ ਇਸਨੂੰ ਢਾਉਣ ਲਈ ਆਏ।