ਪੰਜਾਬ ਸਾਂਝੀਵਾਲਤਾ ਦਲ ਨੇ ਐਲਾਨਿਆ ਪਹਿਲਾ ਉਮੀਦਵਾਰ
- ਰੂਪਨਗਰ ਤੋਂ ਗੌਰਵ ਰਾਣਾ ਨੂੰ ਦਿੱਤੀ ਟਿਕਟ
- ਵਾਅਦੇ ਪੂਰੇ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਲਈ ਐਫੀਡੇਵਿਟ ਦੇਣ ਦਾ ਕੀਤਾ ਦਾਅਵਾ
Punjab Sanjhiwalta Dal announces first candidate: ਚੰਡੀਗੜ੍ਹ/ਰੂਪਨਗਰ (ਚੋਵੇਸ਼ ਲਟਾਵਾ): ਪੰਜਾਬ ਸਾਂਝੀਵਾਲਤਾ ਦਲ ਵੱਲੋਂ ਅੱਜ ਸੂਬੇ ਵਿੱਚ ਆਪਣੀ ਪਹਿਲੀ ਚੋਣ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਜ਼ਿਲ੍ਹਾ ਰੂਪਨਗਰ ਦੇ ਹਲਕਾ ਰੂਪਨਗਰ ਤੋਂ ਨੂਰਪੁਰ ਬੇਦੀ ਦੇ ਰਹਿਣ ਵਾਲੇ ਗੌਰਵ ਰਾਣਾ ਨੂੰ ਬਤੌਰ ਪਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਚੰਡੀਗੜ੍ਹ ਵਿਖੇ 7 ਮੈਂਬਰੀ ਕਮੇਟੀ ਵੱਲੋਂ ਪੰਜਾਬ ਸਾਂਝੀਵਾਲਤਾ ਦਲ ਨੂੰ ਸਿਆਸਤ ਵਿੱਚ ਲਿਆਉਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਸਾਂਝੀਵਾਲਤਾ ਦਲ ਨੇ ਲੋਕਾਂ ਦੀ ਕਚਹਿਰੀ ਵਿੱਚ ਇੱਕ ਵੱਡਾ ਵਾਅਦਾ ਕਰਦਿਆਂ ਕਿਹਾ ਹੈ ਕਿ ਉਹ ਜਨਤਾ ਨੂੰ ਲਿਖਤੀ ਐਫੀਡੇਵਿਟ (ਹਲਫ਼ਨਾਮਾ) ਬਣਾ ਕੇ ਦੇਣਗੇ, ਜਿਸ ਵਿੱਚ ਕੀਤੇ ਗਏ ਵਾਅਦਿਆਂ ਪ੍ਰਤੀ ਪੂਰੀ ਵਚਨਬੱਧਤਾ ਹੋਵੇਗੀ।
ਇਸ ਮੌਕੇ ਪਾਰਟੀ ਆਗੂ ਅਮਰੀਕ ਸਿੰਘ ਮਾਨ, ਖੁਸ਼ਵਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਜੇਕਰ ਉਹ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੇ ਹਨ, ਤਾਂ ਕੋਈ ਵੀ ਵੋਟਰ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਅੱਜ ਪੰਜਾਬ ਵਿੱਚੋਂ ਆਪਣੀ ਪਹਿਲੀ ਟਿਕਟ ਗੌਰਵ ਰਾਣਾ ਨੂੰ ਦੇ ਕੇ ਪੰਜਾਬ ਸਾਂਝੀਵਾਲਤਾ ਦਲ ਨੇ ਚੋਣ ਸਰਗਰਮੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ।
