ਮਾਨਸਾ ਜ਼ਿਲ੍ਹਾ ਪਰਿਸ਼ਦ ਵਿੱਚ 25 ਲੱਖ ਰੁਪਏ ਦਾ ਗਬਨ ਮਾਮਲਾ, ਦੋ ਕਰਮਚਾਰੀ ਸਸਪੈਂਡ
Punjab two employees suspended: ਮਾਨਸਾ: ਮਾਨਸਾ ਜ਼ਿਲ੍ਹਾ ਪਰਿਸ਼ਦ ਵਿੱਚ ਕਰੀਬ 25 ਲੱਖ ਰੁਪਏ ਦੇ ਕਥਿਤ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਰਿਸ਼ਦ ਦੇ ਲੇਖਾਕਾਰ ਅਤੇ ਇੱਕ ਕਲਰਕ ਨੇ ਉਸ ਸਮੇਂ ਦੇ ਏਡੀਸੀ (ਵਿਕਾਸ) ਅਤੇ ਆਈਏਐਸ ਅਧਿਕਾਰੀ ਆਕਾਸ਼ ਬਾਂਸਲ ਦੇ ਕਥਿਤ ਜਾਅਲੀ ਦਸਤਖ਼ਤ ਕਰਕੇ ਸਰਕਾਰੀ ਖਾਤੇ ਵਿੱਚੋਂ ਰਕਮ ਆਪਣੇ ਨਿੱਜੀ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਈ।
ਜਾਣਕਾਰੀ ਅਨੁਸਾਰ, ਕਰੀਬ ਤਿੰਨ ਮਹੀਨੇ ਪਹਿਲਾਂ ਲੇਖਾਕਾਰ ਰਾਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ ਕਥਿਤ ਤੌਰ ‘ਤੇ ਪਹਿਲਾਂ 21 ਲੱਖ ਰੁਪਏ ਅਤੇ ਬਾਅਦ ਵਿੱਚ 4 ਲੱਖ ਰੁਪਏ ਸਰਕਾਰੀ ਖਾਤੇ ਵਿੱਚੋਂ ਕਢਵਾ ਕੇ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਲਏ। ਦੋਸ਼ ਹੈ ਕਿ ਇੱਕ ਦੇ ਖਾਤੇ ਵਿੱਚ 10 ਲੱਖ ਅਤੇ ਦੂਜੇ ਦੇ ਖਾਤੇ ਵਿੱਚ 11 ਲੱਖ ਰੁਪਏ ਟਰਾਂਸਫਰ ਕੀਤੇ ਗਏ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਦੋਵੇਂ ਮੁਲਾਜ਼ਮ ਆਪਣੇ ਖਾਤਿਆਂ ਵਿੱਚੋਂ ਰਕਮ ਕੱਢਣ ਲਈ ਬੈਂਕ ਪਹੁੰਚੇ। ਬੈਂਕ ਅਧਿਕਾਰੀਆਂ ਨੂੰ ਚੈੱਕ ‘ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਦੱਸਿਆ ਕਿ ਦੋਵੇਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਲਈ ਮਾਮਲਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਲਈ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਚਹਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਇਸ ਗੱਲ ਤੋਂ ਜਾਣੂ ਸਨ ਕਿ ਉਸ ਵੇਲੇ ਦੇ ਏਡੀਸੀ (ਵਿਕਾਸ) ਦਾ ਤਬਾਦਲਾ ਹੋ ਚੁੱਕਾ ਸੀ, ਜਿਸ ਦਾ ਕਥਿਤ ਤੌਰ ‘ਤੇ ਫਾਇਦਾ ਚੁੱਕਦੇ ਹੋਏ ਇਹ ਗੜਬੜੀ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਗਬਨ ਕੀਤੀ ਰਕਮ ਵਿੱਚੋਂ 10 ਲੱਖ ਰੁਪਏ ਦੀ ਵਾਪਸੀ ਹੋ ਚੁੱਕੀ ਹੈ ਅਤੇ ਬਾਕੀ ਰਕਮ ਦੀ ਵਸੂਲੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।