ਕੈਨੇਡਾ ਵਿੱਚ ਨਾਬਾਲਗ ਕੁੜੀਆਂ ਨੂੰ ਤੰਗ ਕਰਨ ਦੇ ਦੋਸ਼ ‘ਚ ਪੰਜਾਬੀ ਵਿਅਕਤੀ ਨੂੰ ਦੇਸ਼ ਨਿਕਾਲਾ — ਭਵਿੱਖ ਵਿੱਚ ਦਾਖਲੇ ‘ਤੇ ਵੀ ਪਾਬੰਦੀ
Latest News: ਆਪਣੇ ਨਵਜੰਮੇ ਪੋਤੇ ਨੂੰ ਮਿਲਣ ਕੈਨੇਡਾ ਪਹੁੰਚੇ 51 ਸਾਲਾ ਪੰਜਾਬੀ ਵਿਅਕਤੀ ਜਗਜੀਤ ਸਿੰਘ ਨੂੰ ਕੈਨੇਡਾ ਦੀ ਅਦਾਲਤ ਨੇ ਦੋ ਨਾਬਾਲਗ ਕੁੜੀਆਂ ਨੂੰ ਸਕੂਲ ਬਾਹਰ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਅਪਰਾਧਿਕ ਤੰਗ-ਪਰੇਸ਼ਾਨੀ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੇਸ਼ ਨਿਕਾਲਾ ਦੇਣ ਦਾ ਹੁਕਮ ਸੁਣਾ ਦਿੱਤਾ। ਇਸਦੇ ਨਾਲ ਹੀ ਉਸਦੇ ਕੈਨੇਡਾ ਵਿੱਚ ਦਾਖਲੇ ‘ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ।
ਜਗਜੀਤ ਸਿੰਘ ਜੁਲਾਈ 2025 ਵਿੱਚ ਛੇ ਮਹੀਨੇ ਦੇ ਵਿਜ਼ੀਟਰ ਵੀਜ਼ੇ ‘ਤੇ ਓਨਟਾਰੀਓ ਆਇਆ ਸੀ। ਪਰ ਪੁਲਿਸ ਮੁਤਾਬਕ, ਆਉਣ ਤੋਂ ਕੁਝ ਹੀ ਸਮੇਂ ਬਾਅਦ ਉਹ ਸਾਰਨਿਆ ਖੇਤਰ ਦੇ ਇੱਕ ਹਾਈ ਸਕੂਲ ਦੇ ਬਾਹਰ ਸਿਗਰਟਨੋਸ਼ੀ ਵਾਲੇ ਖੇਤਰ ਵਿੱਚ ਬਾਰ–ਬਾਰ ਜਾਂਦਾ ਰਿਹਾ, ਜਿਥੇ ਉਸਨੇ 8 ਤੋਂ 11 ਸਤੰਬਰ ਤੱਕ ਕਈ ਨੌਜਵਾਨ ਕੁੜੀਆਂ ਨਾਲ ਅਣਚਾਹੇ ਸੰਪਰਕ ਕੀਤੇ, ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਨਸ਼ਿਆਂ ਤੇ ਸ਼ਰਾਬ ਬਾਰੇ ਗੱਲ ਕੀਤੀ।
ਇੱਕ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਜਗਜੀਤ ਸਿੰਘ ਨੇ ਤਸਵੀਰ ਖਿੱਚਣ ਤੋਂ ਇਨਕਾਰ ਕਰਨ ਦੇ ਬਾਵਜੂਦ ਉਸਦੇ ਨੇੜੇ ਆ ਕੇ ਗਲੇ ਵਿੱਚ ਹੱਥ ਰੱਖਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਘਬਰਾ ਕੇ ਉੱਥੋਂ ਦੂਰ ਹੋ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਿੰਘ ਕੁੜੀਆਂ ਨੂੰ ਸਕੂਲ ਤੋਂ ਬਾਹਰ ਤੱਕ ਫਾਲੋ ਕਰਦਾ ਰਿਹਾ।
ਗ੍ਰਿਫ਼ਤਾਰੀ, ਬੇਲ ਅਤੇ ਅਦਾਲਤੀ ਕਾਰਵਾਈ
- 16 ਸਤੰਬਰ: ਪਹਿਲੀ ਗ੍ਰਿਫ਼ਤਾਰੀ — ਜਿਨਸੀ ਸ਼ੋਸ਼ਣ ਦੇ ਦੋਸ਼।
- ਕੁਝ ਦਿਨ ਬਾਅਦ ਬੇਲ, ਪਰ ਨਵੀਂ ਸ਼ਿਕਾਇਤ ਤੋਂ ਬਾਅਦ ਦੁਬਾਰਾ ਗ੍ਰਿਫ਼ਤਾਰੀ।
- ਦੁਭਾਸ਼ੀਆ ਨਾ ਮਿਲਣ ਕਾਰਨ ਇੱਕ ਹੋਰ ਰਾਤ ਹਿਰਾਸਤ ਵਿੱਚ ਬਿਤਾਉਣੀ ਪਈ।
- 19 ਸਤੰਬਰ: ਸਾਰਨੀਆ ਅਦਾਲਤ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ ਤੋਂ ਇਨਕਾਰ, ਪਰ ਅਪਰਾਧਿਕ ਪਰੇਸ਼ਾਨੀ ਦੇ ਦੋਸ਼ ‘ਚ ਦੋਸ਼ੀ ਕਰਾਰ।
ਜੱਜ ਕ੍ਰਿਸਟਾ ਲਿਨ ਲੇਸਜ਼ਿੰਸਕੀ ਨੇ ਕਿਹਾ ਕਿ ਸਿੰਘ ਦਾ ਵਿਵਹਾਰ “ਸਕੂਲ ਦੇ ਬਾਹਰ ਕਤਈ ਬਰਦਾਸ਼ਤਯੋਗ ਨਹੀਂ” ਸੀ ਅਤੇ ਉਸਨੂੰ ਉੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ।
ਉਸਦੇ ਵਕੀਲ ਨੇ ਦੱਸਿਆ ਕਿ 30 ਦਸੰਬਰ ਲਈ ਉਸਦਾ ਵਾਪਸੀ ਦਾ ਟਿਕਟ ਸੀ, ਪਰ ਅਦਾਲਤ ਨੇ ਇਸਦੀ ਬਜਾਏ ਤੁਰੰਤ ਡਿਪੋਰਟੇਸ਼ਨ ਦਾ ਹੁਕਮ ਜਾਰੀ ਕਰ ਦਿੱਤਾ।
ਤਿੰਨ ਸਾਲਾਂ ਦਾ ਸਖ਼ਤ ਪ੍ਰੋਬੇਸ਼ਨ ਆਰਡਰ
ਡਿਪੋਰਟ ਹੋਣ ਤੋਂ ਪਹਿਲਾਂ, ਸਿੰਘ ਨੂੰ 3 ਸਾਲਾਂ ਦਾ ਸਖ਼ਤ ਪ੍ਰੋਬੇਸ਼ਨ ਆਰਡਰ ਦਿੱਤਾ ਗਿਆ ਹੈ। ਇਸ ਮੁਤਾਬਕ ਉਹ:
- ਕਿਸੇ ਵੀ ਕਿਸ਼ੋਰ ਕੁੜੀ ਨਾਲ ਗੱਲ ਨਹੀਂ ਕਰ ਸਕਦਾ।
- 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨਾਲ ਸੰਪਰਕ ਨਹੀਂ ਕਰ ਸਕਦਾ (ਆਪਣੇ ਪੋਤੇ ਨੂੰ ਛੱਡ ਕੇ)।
- ਕਿਸੇ ਵੀ ਸਕੂਲ, ਪਾਰਕ, ਪੂਲ, ਪਲੇਇੰਗ ਫੀਲਡ, ਕਮਿਊਨਿਟੀ ਸੈਂਟਰ ਤੋਂ 100 ਮੀਟਰ ਦੇ ਅੰਦਰ ਨਹੀਂ ਜਾ ਸਕਦਾ।
- ਪੀੜਤਾਂ ਦੇ ਘਰਾਂ, ਸਕੂਲਾਂ ਜਾਂ ਕੰਮ ਵਾਲੀਆਂ ਥਾਵਾਂ ਦੇ ਨੇੜੇ ਨਹੀਂ ਜਾ ਸਕਦਾ।
ਜੱਜ ਨੇ ਕਿਹਾ ਕਿ ਕੈਨੇਡਾ ਵਿੱਚ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਤਰ੍ਹਾਂ ਦਾ ਵਿਵਹਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।