ਕੈਨੇਡਾ ’ਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ
- ਵੈਨਕੂਵਰ ਪੁਲਿਸ ਦੇ ਕਾਂਸਟੇਬਲ ਅਤੇ ਯੂਥ ਚੈਰਿਟੀ ਦੇ ਮੁਖੀ ’ਤੇ ਧੋਖਾਧੜੀ, ਚੋਰੀ ਤੇ ਭਰੋਸੇ ਦੀ ਉਲੰਘਣਾ ਦੇ 9 ਦੋਸ਼
Punjabi origin police officer arrested in Canada: ਵੈਨਕੂਵਰ: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਵੈਨਕੂਵਰ ਪੁਲਿਸ ਦੇ ਤਜਰਬੇਕਾਰ ਕਾਂਸਟੇਬਲ ਅਤੇ ਨੌਜਵਾਨਾਂ ਲਈ ਕੰਮ ਕਰਨ ਵਾਲੀ ਚੈਰਿਟੀ ਸੰਸਥਾ ‘ਕਿਡਜ਼ਪਲੇ ਫਾਊਂਡੇਸ਼ਨ’ ਦੇ ਮੁਖੀ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਨੂੰ ਪੁਲਿਸ ਨੇ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਧੋਖਾਧੜੀ, ਚੋਰੀ ਅਤੇ ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਸਮੇਤ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਸਰੀ ਸਥਿਤ ਕੈਲ ਦੋਸਾਂਝ ਦੇ ਘਰ ’ਤੇ ਕਾਰਵਾਈ ਕਰਦਿਆਂ ਉਸ ਨੂੰ ਅਤੇ ਉਸ ਦੇ ਸਹਿ-ਦੋਸ਼ੀ ਸਰਬਜੀਤ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ। ਘਰ ਦੀ ਤਲਾਸ਼ੀ ਦੌਰਾਨ ਪੁਲਿਸ ਵੱਲੋਂ ਕਈ ਦਸਤਾਵੇਜ਼ ਅਤੇ ਹੋਰ ਸਮੱਗਰੀ ਬਕਸਿਆਂ ਵਿੱਚ ਪਾ ਕੇ ਲਿਜਾਂਦੀ ਵੀ ਦੇਖੀ ਗਈ।
ਕੈਲ ਦੋਸਾਂਝ ’ਤੇ 9 ਮਾਮਲੇ
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਮੁਤਾਬਕ 50 ਸਾਲਾ ਕਲਵਿੰਦਰ ‘ਕੈਲ’ ਦੋਸਾਂਝ ਖ਼ਿਲਾਫ਼ ਕੁੱਲ 9 ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ:5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ 4 ਦੋਸ਼, 5,000 ਡਾਲਰ ਤੋਂ ਵੱਧ ਦੀ ਚੋਰੀ ਦੇ 4 ਦੋਸ਼, ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਦਾ 1 ਦੋਸ਼ ਸ਼ਾਮਲ ਹੈ।
ਉਸ ਦੇ ਸਹਿ-ਦੋਸ਼ੀ 51 ਸਾਲਾ ਸਰਬਜੀਤ ਸਿੰਘ ਗਿੱਲ ’ਤੇ ਧੋਖਾਧੜੀ ਅਤੇ ਚੋਰੀ ਦੇ ਕੁੱਲ 6 ਦੋਸ਼ ਲਗਾਏ ਗਏ ਹਨ। ਪੁਲਿਸ ਮੁਤਾਬਕ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦਰਮਿਆਨ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਵਿੱਚ ਹੋਏ ਦੱਸੇ ਜਾਂਦੇ ਹਨ।
ਕਰੀਬ 20 ਸਾਲ ਤੋਂ ਪੁਲਿਸ ਸੇਵਾ ’ਚ ਸੀ ਕੈਲ
ਫਗਵਾੜਾ ਨੇੜਲੇ ਪਿੰਡ ਨਾਲ ਸਬੰਧਤ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਕਰੀਬ 20 ਸਾਲ ਤੋਂ ਵੈਨਕੂਵਰ ਪੁਲਿਸ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਇਸ ਦੇ ਨਾਲ ਉਹ ਨੌਜਵਾਨਾਂ ਨੂੰ ਅਪਰਾਧ ਤੋਂ ਦੂਰ ਰੱਖਣ ਲਈ ਕੰਮ ਕਰਨ ਵਾਲੀ ਯੂਥ ਚੈਰਿਟੀ ਨਾਲ ਵੀ ਜੁੜਿਆ ਹੋਇਆ ਸੀ। ਸਰੀ ਵਿੱਚ ਉਸ ਨੂੰ ਇੱਕ ਜਾਣੀ-ਪਛਾਣੀ ਅਤੇ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਦੇਖਿਆ ਜਾਂਦਾ ਸੀ।
ਢਾਈ ਕਰੋੜ ਡਾਲਰ ਦੇ ਕਥਿਤ ਘਪਲੇ ਦੀ ਵੀ ਚਰਚਾ
ਮਾਮਲੇ ਨਾਲ ਜੁੜੀ ਜਾਣਕਾਰੀ ਮੁਤਾਬਕ ਕੈਲ ਦੋਸਾਂਝ ’ਤੇ ਲੋਕਾਂ ਨੂੰ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਵੱਡੀ ਰਕਮ ਇਕੱਠੀ ਕਰਨ ਦੇ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਂਕੜੇ ਲੋਕਾਂ ਤੋਂ ਕਰੀਬ 2.5 ਕਰੋੜ ਕੈਨੇਡੀਅਨ ਡਾਲਰ ਇਕੱਠੇ ਕਰਕੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ।
ਕਥਿਤ ਤੌਰ ’ਤੇ ਲੋਕਾਂ ਤੋਂ ਮਿਲੀ ਨਕਦੀ ਨਾਲ ਕੁਝ ਜਾਇਦਾਦਾਂ ਖਰੀਦੀਆਂ ਗਈਆਂ ਅਤੇ ਉਨ੍ਹਾਂ ਨੂੰ ਵੱਧ ਕੀਮਤ ’ਤੇ ਵੇਚ ਕੇ ਮੁਨਾਫ਼ਾ ਵੰਡਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਕਥਿਤ ਤੌਰ ’ਤੇ ਇਨ੍ਹਾਂ ਜਾਇਦਾਦਾਂ ਨੂੰ ਬੈਂਕ ਕੋਲ ਗਿਰਵੀ ਰੱਖ ਕੇ ਹੋਰ ਜਾਇਦਾਦਾਂ ਖਰੀਦੀਆਂ ਗਈਆਂ।
ਬਾਅਦ ਵਿੱਚ ਰੀਅਲ ਅਸਟੇਟ ਮਾਰਕੀਟ ਵਿੱਚ ਮੰਦੀ ਆਉਣ ਕਾਰਨ ਬੈਂਕ ਵੱਲੋਂ ਗਿਰਵੀ ਰੱਖੀਆਂ ਜਾਇਦਾਦਾਂ ’ਤੇ ਕਾਰਵਾਈ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਆਪਣੀ ਰਕਮ ਵਾਪਸ ਮੰਗੀ ਗਈ, ਪਰ ਕਥਿਤ ਤੌਰ ’ਤੇ ਕੈਲ ਦੋਸਾਂਝ ਇਹ ਰਕਮ ਵਾਪਸ ਕਰਨ ਦੀ ਸਥਿਤੀ ਵਿੱਚ ਨਹੀਂ ਸੀ।
ਪੁਲਿਸ ਮੁਖੀ ਸ਼ੁੱਕਰਵਾਰ ਨੂੰ ਦੇਣਗੇ ਪੂਰੀ ਜਾਣਕਾਰੀ
ਇਸ ਮਾਮਲੇ ਸਬੰਧੀ ਪੁਲਿਸ ਨੂੰ ਮਿਲੀਆਂ ਸ਼ਿਕਾਇਤਾਂ ਦੀ ਲੰਬੀ ਜਾਂਚ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ। ਵੈਨਕੂਵਰ ਪੁਲਿਸ ਮੁਖੀ ਨੇ ਫਿਲਹਾਲ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਨਾਲ ਸਬੰਧਤ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਅਤੇ ਪ੍ਰੌਸੀਕਿਊਸ਼ਨ ਵੱਲੋਂ ਲਗਾਏ ਗਏ ਦੋਸ਼ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਦੋਸ਼ ਸਾਬਤ ਹੋਣਾ ਬਾਕੀ ਹੈ।
