ਨੌਜਵਾਨ ਦੇ ਨਸ਼ੇ ਦੀ ਹਾਲਤ ਵਾਲੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ, ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਕੀਤੀ ਸੀ ਸਾਂਝੀ
Truth behind viral video of young man intoxicated: ਲੁਧਿਆਣਾ: ਲੁਧਿਆਣਾ ’ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਸ ਸਮੇਂ ਸਿਆਸਤ ਗਰਮਾ ਗਈ, ਜਦੋਂ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੁੱਗਰੀ ਰੋਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਵੀਡੀਓ ਵਿੱਚ ਇੱਕ ਨੌਜਵਾਨ ਸੜਕ ’ਤੇ ਬੇਹੋਸ਼ੀ ਵਰਗੀ ਹਾਲਤ ਵਿੱਚ ਖੜ੍ਹਾ ਨਜ਼ਰ ਆ ਰਿਹਾ ਸੀ। ਬਿੱਟੂ ਨੇ ਵੀਡੀਓ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਵੀ ਕੱਸਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਨੇ ਕੋਈ ਨਸ਼ਾ ਨਹੀਂ ਕੀਤਾ ਸੀ, ਸਗੋਂ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਅਤੇ ਵੱਧ ਤੋਂ ਵੱਧ ਵਿਊਜ਼ ਹਾਸਲ ਕਰਨ ਲਈ ਨਸ਼ੇ ਵਿੱਚ ਹੋਣ ਦੀ ਐਕਟਿੰਗ ਕੀਤੀ ਸੀ।
ਦੋਸਤ ਨੇ ਬਣਾਈ ਸੀ ਵੀਡੀਓ
ਪੁਲਿਸ ਪੁੱਛਗਿੱਛ ਵਿੱਚ ਨੌਜਵਾਨ ਨੇ ਦੱਸਿਆ ਕਿ ਇਹ ਵੀਡੀਓ ਉਸ ਦੇ ਦੋਸਤ ਨੇ ਬਣਾਈ ਸੀ। ਉਸ ਦਾ ਮਕਸਦ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣਾ ਅਤੇ ਰੀਲ ਨੂੰ ਵਾਇਰਲ ਕਰਨਾ ਸੀ। ਨੌਜਵਾਨ ਨੇ ਇਹ ਵੀ ਕਬੂਲਿਆ ਕਿ ਇਸ ਤੋਂ ਪਹਿਲਾਂ ਵੀ ਉਹ ਇਸੇ ਤਰ੍ਹਾਂ ਦੀ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾ ਚੁੱਕਾ ਹੈ।
ਮੈਡੀਕਲ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ
ਏਸੀਪੀ ਐੱਸ.ਐੱਸ. ਚੀਮਾ ਨੇ ਦੱਸਿਆ ਕਿ ਨੌਜਵਾਨ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਜਾਂਚ ਵਿੱਚ ਨਸ਼ਾ ਕਰਨ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪੁਲਿਸ ਨੇ ਵੀ ਜਾਰੀ ਕੀਤਾ ਨੌਜਵਾਨ ਦਾ ਬਿਆਨ
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨੌਜਵਾਨ ਦਾ ਬਿਆਨ ਵੀ ਸਾਂਝਾ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦੀ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਨੌਜਵਾਨ ਵੱਲੋਂ ਕੀਤੇ ਦਾਅਵੇ ਸਹੀ ਹਨ ਜਾਂ ਨਹੀਂ।
