ਖਾਲਿਸਤਾਨ ਨਾਲ ਜੁੜੇ ਹੋਣ ਦਾ ਦਾਅਵਾ ਕਰਕੇ ਮੰਗੀ ਸ਼ਰਨ, ਪੰਜਾਬੀ ਵਿਦਿਆਰਥੀ ਨੂੰ ਨਿਊਜ਼ੀਲੈਂਡ ਤੋਂ ਡਿਪੋਰਟ ਕਰਨ ਦੇ ਹੁਕਮ
Punjabi student ordered to be deported from New Zealand: ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ 21 ਸਾਲਾ ਭਾਰਤੀ ਪੰਜਾਬੀ ਵਿਦਿਆਰਥੀ ਨੂੰ ਦੇਸ਼ ਤੋਂ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਵਿਦਿਆਰਥੀ ਨੇ ਭਾਰਤ ਪਰਤਣ ’ਤੇ ਜਾਨ ਨੂੰ ਖ਼ਤਰਾ ਹੋਣ ਦਾ ਹਵਾਲਾ ਦੇ ਕੇ ਸ਼ਰਨ ਦੀ ਮੰਗ ਕੀਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ‘ਵਾਰਿਸ ਪੰਜਾਬ ਦੇ’ ਸੰਗਠਨ ਨਾਲ ਜੁੜਿਆ ਹੋਇਆ ਹੈ। ਟ੍ਰਿਬਿਊਨਲ ਦੀ ਜਾਂਚ ਮੁਤਾਬਕ, ਵਿਦਿਆਰਥੀ ਨੇ ਇੰਸਟਾਗ੍ਰਾਮ ’ਤੇ ਖਾਲਿਸਤਾਨ ਅਤੇ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਸਿਰਫ਼ ਤਿੰਨ ਸਟੋਰੀਆਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਉਸ ਨੇ ਇੱਕ ਗ਼ੈਰ-ਰਸਮੀ ਵੋਟਿੰਗ ਵਿੱਚ ਹਿੱਸਾ ਲਿਆ ਸੀ। ਉਹ ਨਾ ਤਾਂ ਨਿਊਜ਼ੀਲੈਂਡ ਅਤੇ ਨਾ ਹੀ ਭਾਰਤ ਵਿੱਚ ਕਿਸੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਸੀ।
ਘੱਟ ਹਾਜ਼ਰੀ ਕਾਰਨ ਕਾਲਜ ’ਚੋਂ ਦਾਖ਼ਲਾ ਰੱਦ
ਵਿਦਿਆਰਥੀ ਜਨਵਰੀ 2024 ਵਿੱਚ ਸਟੂਡੈਂਟ ਵੀਜ਼ੇ ’ਤੇ ਨਿਊਜ਼ੀਲੈਂਡ ਗਿਆ ਸੀ। ਹਾਲਾਂਕਿ, ਕਾਲਜ ਵਿੱਚ ਹਾਜ਼ਰੀ ਘੱਟ ਹੋਣ ਕਾਰਨ ਉਸ ਦਾ ਦਾਖ਼ਲਾ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀਜ਼ੇ ਲਈ ਮੁੜ ਕੀਤੀ ਅਰਜ਼ੀ ਖਾਰਜ ਹੋਣ ’ਤੇ ਉਸ ਨੇ ਡਿਪੋਰਟੇਸ਼ਨ ਤੋਂ ਬਚਣ ਲਈ ਸ਼ਰਨ ਦੀ ਅਰਜ਼ੀ ਦਿੱਤੀ ਸੀ।
ਟ੍ਰਿਬਿਊਨਲ ਨੇ ਕਿਹਾ ਕਿ ਭਾਰਤ ਵਾਪਸ ਜਾਣ ’ਤੇ ਵਿਦਿਆਰਥੀ ਨੂੰ ਆਪਣੇ ਜਨਤਕ ਬਿਆਨਾਂ ਵਿੱਚ ਸੰਜਮ ਵਰਤਣਾ ਪੈ ਸਕਦਾ ਹੈ, ਪਰ ਇਸ ਆਧਾਰ ’ਤੇ ਉਸ ਨੂੰ ਨਿਊਜ਼ੀਲੈਂਡ ਵਿੱਚ ਰਹਿਣ ਦਾ ਅਧਿਕਾਰ ਨਹੀਂ ਮਿਲ ਜਾਂਦਾ। ਟ੍ਰਿਬਿਊਨਲ ਨੇ ਮਨੁੱਖੀ ਆਧਾਰ ’ਤੇ ਸ਼ਰਨ ਦੇਣ ਦੀ ਅਪੀਲ ਅਤੇ ਦੇਸ਼ ਛੱਡਣ ਲਈ ਵਾਧੂ ਸਮਾਂ ਦੇਣ ਦੀ ਮੰਗ ਵੀ ਰੱਦ ਕਰ ਦਿੱਤੀ।
