ਅਮਰੀਕਾ ਦੀਆਂ Midterm Elections ’ਚ ਪੰਜਾਬੀਆਂ ਦੀ ਬੱਲੇ-ਬੱਲੇ, 6 ਪੰਜਾਬੀ ਮੂਲ ਦੇ ਆਗੂਆਂ ਨੇ ਜਿੱਤੀਆਂ ਚੋਣਾਂ
USA Midterm Election: ਅਮਰੀਕਾ ਦੀਆਂ Midterm Elections ਵਿੱਚ ਪੰਜਾਬੀ ਮੂਲ ਦੇ ਆਗੂਆਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਸੰਸਦ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੰਜਾਬੀ ਉਮੀਦਵਾਰਾਂ ਨੇ ਆਪਣਾ ਦਬਦਬਾ ਕਾਇਮ ਕੀਤਾ। ਰੋ ਖੰਨਾ, ਮਾਨਕਾ ਢੀਂਗਰਾ, ਰਣਜੀਵ ਪੁਰੀ ਅਤੇ ਅਸ਼ ਕਾਲੜਾ ਵਰਗੇ ਵੱਡੇ ਆਗੂਆਂ ਨੇ ਮੁੜ ਜਿੱਤ ਹਾਸਲ ਕਰਕੇ ਆਪਣੀਆਂ ਸੀਟਾਂ ਬਰਕਰਾਰ ਰੱਖੀਆਂ। ਉੱਥੇ ਹੀ ਜੋਤ ਸਿੰਘ ਅਤੇ ਪੂਜਾ ਸੇਠੀ ਵਰਗੇ ਨਵੇਂ ਚਿਹਰਿਆਂ ਨੇ ਇਤਿਹਾਸਕ ਜਿੱਤ ਦਰਜ ਕੀਤੀ।
ਜੋਤ ਸਿੰਘ ਜਾਰਜੀਆ ਦੀ ਅਸੈਂਬਲੀ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਬਣ ਗਏ ਹਨ। ਜਦਕਿ ਪੂਜਾ ਸੇਠੀ ਨੇ ਟੈਕਸਸ ਵਿੱਚ ਪਹਿਲੀ ਭਾਰਤੀ-ਅਮਰੀਕੀ ਮਹਿਲਾ ਵਿਧਾਇਕ ਬਣ ਕੇ ਇਤਿਹਾਸ ਰਚਿਆ ਹੈ। ਇਹ ਸਾਰੇ ਜੇਤੂ ਆਗੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਨ੍ਹਾਂ ਨਤੀਜਿਆਂ ਨੂੰ ਅਮਰੀਕੀ ਰਾਜਨੀਤੀ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਵਜੋਂ ਦੇਖਿਆ ਜਾ ਰਿਹਾ ਹੈ।
ਰੋ ਖੰਨਾ-ਡੈਮੋਕ੍ਰੇਟਿਕ ਪਾਰਟੀ
ਕੈਲੀਫੋਰਨੀਆ ਦੇ 17ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਰੋ ਖੰਨਾ ਮੁੜ ਅਮਰੀਕੀ ਸੰਸਦ ਲਈ ਚੁਣੇ ਗਏ ਹਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ ਨੂੰ ਹਰਾਇਆ ਅਤੇ ਕਰੀਬ 71 ਫ਼ੀਸਦੀ ਵੋਟਾਂ ਹਾਸਲ ਕੀਤੀਆਂ।
ਫਿਲਾਡੈਲਫੀਆ ਵਿੱਚ ਪੰਜਾਬੀ ਪ੍ਰਵਾਸੀ ਪਰਿਵਾਰ ਵਿੱਚ ਜਨਮੇ ਰੋ ਖੰਨਾ ਪੇਸ਼ੇ ਤੋਂ ਵਕੀਲ ਅਤੇ ਅਰਥਸ਼ਾਸਤਰੀ ਹਨ। ਉਹ ਓਬਾਮਾ ਸਰਕਾਰ ਦੌਰਾਨ ਅਮਰੀਕਾ ਦੇ ਵਣਜ ਵਿਭਾਗ ਵਿੱਚ ਡਿਪਟੀ ਅਸਿਸਟੈਂਟ ਸੈਕਟਰੀ ਰਹਿ ਚੁੱਕੇ ਹਨ। 2020 ਵਿੱਚ ਉਹ ਬਰਨੀ ਸੈਂਡਰਜ਼ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਸਹਿ-ਪ੍ਰਧਾਨ ਵੀ ਰਹੇ ਸਨ।
ਮਾਨਕਾ ਢੀਂਗਰਾ-ਡੈਮੋਕ੍ਰੇਟਿਕ ਪਾਰਟੀ
ਵਾਸ਼ਿੰਗਟਨ ਸਟੇਟ ਦੇ 45ਵੇਂ ਜ਼ਿਲ੍ਹੇ ਤੋਂ ਮਾਨਕਾ ਢੀਂਗਰਾ ਮੁੜ ਸੈਨੇਟਰ ਚੁਣੀ ਗਈ ਹੈ। ਉਹ ਸੈਨੇਟ ਵਿੱਚ ਡਿਪਟੀ ਮੇਜੋਰਿਟੀ ਲੀਡਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੀ ਹੈ। ਪੇਸ਼ੇ ਤੋਂ ਵਕੀਲ ਮਾਨਕਾ ਅਮਰੀਕਾ ਵਿੱਚ ਸਰਕਾਰੀ ਵਕੀਲ ਵਜੋਂ ਵੀ ਸੇਵਾਵਾਂ ਨਿਭਾ ਚੁੱਕੀ ਹੈ।
ਉਹ ਪਹਿਲੀ ਵਾਰ 2017 ਵਿੱਚ ਵਿਸ਼ੇਸ਼ ਚੋਣ ਜਿੱਤ ਕੇ ਸੈਨੇਟ ਵਿੱਚ ਪਹੁੰਚੀ ਸੀ। ਉਨ੍ਹਾਂ ਨੇ ਕਾਨੂੰਨ ਵਿਵਸਥਾ ਵਿੱਚ ਸੁਧਾਰ, ਘਰੇਲੂ ਹਿੰਸਾ ਰੋਕਣ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਨੀਤੀਆਂ ’ਤੇ ਕੰਮ ਕੀਤਾ ਹੈ।
ਜੋਤ ਸਿੰਘ-ਡੈਮੋਕ੍ਰੇਟਿਕ ਪਾਰਟੀ
ਜਾਰਜੀਆ ਦੇ ਹਾਊਸ ਡਿਸਟ੍ਰਿਕਟ 97 ਤੋਂ ਜੋਤ ਸਿੰਘ ਨੇ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾ ਕੇ 68 ਫ਼ੀਸਦੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਯੇਲ ਯੂਨੀਵਰਸਿਟੀ ਤੋਂ ਪੜ੍ਹੇ ਜੋਤ ਸਿੰਘ ਸਮਾਜਿਕ ਕਾਰਕੁਨ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਹਨ।
ਉਹ ਜਾਰਜੀਆ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਉਨ੍ਹਾਂ ਨੇ ਸਰਕਾਰੀ ਸਕੂਲਾਂ ਲਈ ਫੰਡਿੰਗ, ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਵੋਟਿੰਗ ਅਧਿਕਾਰਾਂ ਵਰਗੇ ਮੁੱਦਿਆਂ ’ਤੇ ਚੋਣ ਲੜੀ।
ਰਣਜੀਵ ਪੁਰੀ-ਡੈਮੋਕ੍ਰੇਟਿਕ ਪਾਰਟੀ
ਮਿਸ਼ੀਗਨ ਸਟੇਟ ਦੇ ਡਿਸਟ੍ਰਿਕਟ 24 ਤੋਂ ਰਣਜੀਵ ਪੁਰੀ ਨੇ 65 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ ਆਪਣੀ ਸੀਟ ਮੁੜ ਜਿੱਤ ਲਈ ਹੈ। ਉਹ ਮਿਸ਼ੀਗਨ ਹਾਊਸ ਵਿੱਚ ਮਾਈਨੋਰਿਟੀ ਲੀਡਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਸੂਬਾਈ ਰਾਜਨੀਤੀ ਦੇ ਪ੍ਰਮੁੱਖ ਸਿੱਖ-ਅਮਰੀਕੀ ਆਗੂਆਂ ਵਿੱਚ ਸ਼ਾਮਲ ਹਨ।
ਉਨ੍ਹਾਂ ਨੇ ਗੰਨ ਕਲਚਰ ’ਤੇ ਰੋਕ ਲਗਾਉਣ ਅਤੇ ਸਾਫ਼-ਸੁਥਰੀ ਗ੍ਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।
ਪੂਜਾ ਸੇਠੀ-ਡੈਮੋਕ੍ਰੇਟਿਕ ਪਾਰਟੀ
ਟੈਕਸਸ ਦੇ 47ਵੇਂ ਜ਼ਿਲ੍ਹੇ ਤੋਂ ਪੂਜਾ ਸੇਠੀ ਨੇ ਕਰੀਬ 66 ਫ਼ੀਸਦੀ ਵੋਟਾਂ ਹਾਸਲ ਕਰਕੇ ਟੈਕਸਸ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਸੀਟ ਜਿੱਤੀ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਜੈਨੀਫਰ ਮੁਸ਼ਥਲੇਰ ਨੂੰ ਹਰਾਇਆ।
ਇਮੀਗ੍ਰੇਸ਼ਨ ਵਕੀਲ ਅਤੇ ਟੈਕਸਸ ਵਿਧਾਨ ਸਭਾ ਦੀ ਸਾਬਕਾ ਅਧਿਕਾਰੀ ਰਹਿ ਚੁੱਕੀ ਪੂਜਾ ਸੇਠੀ ਟੈਕਸਸ ਅਸੈਂਬਲੀ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਹੈ। ਉਨ੍ਹਾਂ ਦੀ ਚੋਣ ਮੁਹਿੰਮ ਸਕੂਲਾਂ ਲਈ ਆਰਥਿਕ ਮਦਦ, ਗੰਨ ਸੇਫਟੀ ਅਤੇ ਨਸਲੀ ਭੇਦਭਾਵ ਦੇ ਵਿਰੋਧ ਵਰਗੇ ਮੁੱਦਿਆਂ ’ਤੇ ਕੇਂਦਰਿਤ ਰਹੀ।
ਅਸ਼ ਕਾਲੜਾ-ਡੈਮੋਕ੍ਰੇਟਿਕ ਪਾਰਟੀ
ਕੈਲੀਫੋਰਨੀਆ ਸਟੇਟ ਅਸੈਂਬਲੀ ਦੇ 25ਵੇਂ ਜ਼ਿਲ੍ਹੇ ਤੋਂ ਅਸ਼ ਕਾਲੜਾ ਨੇ ਮੁੜ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਹਿੰਮਤ ਸਿੰਘ ਬੈਣੀਵਾਲ ਨੂੰ ਹਰਾ ਕੇ ਕਰੀਬ 72 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ।
2016 ਵਿੱਚ ਪਹਿਲੀ ਵਾਰ ਚੋਣ ਜਿੱਤਣ ਵਾਲੇ ਅਸ਼ ਕਾਲੜਾ ਕੈਲੀਫੋਰਨੀਆ ਸਟੇਟ ਅਸੈਂਬਲੀ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਬਣੇ ਸਨ।