ਜਲੰਧਰ ‘ਚ ਮੀਂਹ ਦਾ ਕਹਿਰ , ਕੋਰਟ ਕੰਪਲੈਕਸ ਸਣੇ ਸ਼ਹਿਰ ਦੇ ਕਈ ਇਲਾਕਿਆਂ ‘ਚ ਭਰਿਆ ਪਾਣੀ
Haevy Rainfull In Punjab; ਪੰਜਾਬ ‘ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਵੇਲੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ ਤੇ ਮੋਗਾ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ‘ਚ ਸਥਿਤੀ ਕਾਫ਼ੀ ਚਿੰਤਾਜਨਕ ਹੈ। ਲਗਾਤਾਰ ਮੀਂਹ ਕਾਰਨ ਅੱਜ ਜਲੰਧਰ ਦੇ ਕੋਰਟ ਕੰਪਲੈਕਸ ਦੀ ਬੇਸਮੈਂਟ ‘ਚ ਪਾਣੀ ‘ਚ ਭਰ ਗਿਆ ਹੈ, ਜਿਸ ਕਾਰਨ ਸਾਰੇ ਕੰਮ ਰੁੱਕ ਗਏ ਹਨ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਪਹਿਲੀ ਵਾਰ ਕੋਰਟ ਕੰਪਲੈਕਸ ਅਜਿਹੀ ਹਾਲਤ ‘ਚ ਪਹੁੰਚ ਗਿਆ ਹੈ। ਦੋ ਦਿਨਾਂ ਤੋਂ ਸਿਸਟਮ ਪੂਰਾ ਠੱਪ ਪਿਆ ਹੈ। ਮੀਂਹ ਕਾਰਨ ਅਦਾਲਤ ‘ਚ ਬਿਜਲੀ ਨਹੀਂ ਹੈ। ਨਵੇਂ ਕੇਸ ਸਬੰਧੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਤੇ ਅਦਾਲਤ ‘ਚ ਕੋਈ ਕੰਮ ਨਹੀਂ ਹੋ ਰਿਹਾ ਹੈ। ਬੇਸਮੈਂਟ ‘ਚ ਮੋਟਰ ਲਗਾ ਕੇ ਪਾਣੀ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।
ਕਈ-ਕਈ ਫੁੱਟ ਤੱਕ ਪਾਣੀ
ਇਸ ਦੇ ਨਾਲ ਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਤੇ ਹੇਠਲੇ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ ਹੈ। ਬਾਰਿਸ਼ ਕਾਰਨ ਡਰੇਨ ਸਿਸਟਮ ਵੀ ਬੰਦ ਹੋ ਗਿਆ ਹੈ। ਸ਼ਹਿਰ ਦੇ ਕੁਝ ਪਾਸ਼ ਇਲਾਕਿਆਂ ‘ਚ ਪਾਣੀ ਭਰਨ ਕਾਰਨ ਲੋਕਾਂ ਦੀ ਆਵਾਜਾਈ ਵੀ ਰੁਕ ਗਈ ਹੈ। ਕਈ ਇਲਾਕਿਆਂ ‘ਚ ਘਰਾਂ ਦੀਆਂ ਛੱਤਾਂ ਤੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ।
ਦੱਸ ਦੇਈਏ ਕਿ ਮੀਂਹ ਕਾਰਨ ਕੱਲ੍ਹ ਮੁਹੱਲਾ ਕਸਬਾ ਵਿੱਚ ਇੱਕ 80 ਸਾਲ ਪੁਰਾਣੀ ਇਮਾਰਤ ਡਿੱਗ ਗਈ ਸੀ। ਹਾਲਾਂਕਿ ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਮਾਰਤ ਦੇ ਮਲਬੇ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ।
ਇਸ ਮੀਂਹ ਕਾਰਨ ਜਾਮਾ ਮਸਜਿਦ ਕੰਪਲੈਕਸ ਮਾਰਕੀਟ, ਸ੍ਰੀ ਸੱਤਿਆਨਾਰਾਇਣ ਮੰਦਰ ਬਾਜ਼ਾਰ, ਕੋਟੂ ਚੌਕ, ਥਾਂਦੀ ਸੜਕ, ਮਾਲ ਰੋਡ ਅਤੇ ਕਚਹਰੀ ਚੌਕ ਤੋਂ ਇਲਾਵਾ ਮਾਡਲ ਟਾਊਨ ਅਤੇ ਇਸ ਦੇ ਆਲੇ-ਦੁਆਲੇ ਦੀਆਂ ਕਲੋਨੀਆਂ ਸਮੇਤ ਕਈ ਪਾਸ਼ ਇਲਾਕਿਆਂ ‘ਚ ਪਾਣੀ ਭਰ ਗਿਆ ਹੈ।